ਨਵੀਂ ਦਿੱਲੀ: ਦੁਨੀਆ ਭਰ ਵਿੱਚ ਚਰਚਿਚ ਅਯੁੱਧਿਆ ਮਾਮਲੇ ਦੇ ਫੈਸਲੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਜੋੜਿਆ ਗਿਆ। ਜਾ ਹਾਂ, ਸੁਪਰੀਮ ਕੋਰਟ ਨੇ ਅਯੁੱਧਿਆ ਕੇਸ ਦਾ ਨਿਬੇੜਾ ਕਰਦਿਆਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾਣ ਦਾ ਵੀ ਹਵਾਲਾ ਦਿੱਤਾ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੇ 1510-11 ਈਸਵੀ ’ਚ ਭਗਵਾਨ ਰਾਮ ਦੀ ਜਨਮਭੂਮੀ ’ਤੇ ਚਰਨ ਪਾਏ ਸਨ। ਸੁਪਰੀਮ ਕੋਰਟ ਮੁਤਾਬਕ ਇਹ ਹਵਾਲਾ ਹਿੰਦੂਆਂ ਦੇ ਵਿਸ਼ਵਾਸ ਕਿ ਵਿਵਾਦਤ ਥਾਂ ਭਗਵਾਨ ਰਾਮ ਦੇ ਜਨਮ ਅਸਥਾਨ ਨਾਲ ਸਬੰਧਤ ਹੈ, ਦੀ ਹਮਾਇਤ ਕਰਦਾ ਹੈ।


ਸੁਪਰੀਮ ਕੋਰਟ ਨੇ ਕਿਹਾ ਕਿ ਜਨਮ ਸਾਖੀਆਂ ’ਚ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਨਾਨਕ ਦੇਵ ਜੀ ਅਯੁੱਧਿਆ ਗਏ ਸਨ ਜਿਥੇ ਉਨ੍ਹਾਂ ਭਗਵਾਨ ਰਾਮ ਦੇ ਜਨਮ ਅਸਥਾਨ ਦੇ ਦਰਸ਼ਨ ਕੀਤੇ ਸਨ। ਇਹ ਹਵਾਲੇ ਕੇਸ ਦੌਰਾਨ ਸਾਂਝੇ ਕੀਤੇ ਗਏ ਹਨ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ ਜੱਜਾਂ ’ਤੇ ਆਧਾਰਤ ਸੰਵਿਧਾਨਕ ਬੈਂਚ ਨੇ ਕਿਹਾ ਕਿ ਇੱਕ ਜੱਜ ਨੇ ਭਗਵਾਨ ਰਾਮ ਦੇ ਜਨਮ ਅਸਥਾਨ ਬਾਰੇ ਵੱਖਰੀ ਰਾਏ ਦਰਜ ਕਰਵਾਈ ਹੈ। ਇਸ ਜੱਜ ਦਾ ਨਾਮ ਨਹੀਂ ਦੱਸਿਆ ਗਿਆ ਪਰ ਉਸ ਨੇ ਕਿਹਾ ਕਿ ਰਾਮ ਜਨਮਭੂਮੀ ਦੀ ਅਸਲ ਥਾਂ ਬਾਰੇ ਕੋਈ ਪੁਖ਼ਤਾ ਸਮੱਗਰੀ ਨਹੀਂ ਪਰ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾਣ ਤੋਂ ਸਾਬਤ ਹੁੰਦਾ ਹੈ ਕਿ ਸ਼ਰਧਾਲੂ 1528 ਈਸਵੀ ਤੋਂ ਪਹਿਲਾਂ ਵੀ ਉੱਥੇ ਭਗਵਾਨ ਰਾਮ ਦੀ ਜਨਮਭੂਮੀ ਦੇ ਦਰਸ਼ਨ ਕਰਨ ਜਾਂਦੇ ਸਨ।

ਸੁਪਰੀਮ ਕੋਰਟ ’ਚ ਦੱਸਿਆ ਗਿਆ ਹੈ ਕਿ ਬਾਬਰੀ ਮਸਜਿਦ ਮੁਗਲ ਬਾਦਸ਼ਾਹ ਬਾਬਰ ਨੇ 1528 ਈਸਵੀ ’ਚ ਬਣਵਾਈ ਸੀ। ਜੱਜ ਨੇ ਕਿਹਾ ਕਿ ਭਗਵਾਨ ਰਾਮ ਦੇ ਜਨਮ ਅਸਥਾਨ ਬਾਬਤ ਵਾਲਮੀਕ ਰਾਮਾਇਣ ਤੇ ਸਕੰਦ ਪੁਰਾਣ ਸਮੇਤ ਹੋਰ ਧਾਰਮਿਕ ਗ੍ਰੰਥਾਂ ਤੋਂ ਮਿਲਦੇ ਵੇਰਵਿਆਂ ਨੂੰ ਆਧਾਰਹੀਣ ਨਹੀਂ ਮੰਨਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਚਾਰ ਨੰਬਰ ਮੁਕੱਦਮੇ ਦੇ ਇੱਕ ਗਵਾਹ ਨੇ ਸਿੱਖ ਧਰਮ ਨਾਲ ਸਬੰਧਤ ਕਈ ਇਤਿਹਾਸਕ ਵੇਰਵਿਆਂ ਤੇ ਜਨਮ ਸਾਖੀਆਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਬਾਬਾ ਨਾਨਕ ਨੇ ਅਯੁੱਧਿਆ ’ਚ ਸ੍ਰੀ ਰਾਮ ਜਨਮਭੂਮੀ ਮੰਦਰ ਦੇ ਦਰਸ਼ਨ ਕੀਤੇ ਸਨ।