ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਦੇ ਨਾਲ-ਨਾਲ ਹੁਣ ਕਾਮਰੇਡਾਂ ਉੱਤੇ ਵੀ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਹਿਤ ਸੀਪੀਐਮ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਪ੍ਰੋਫੈਸਰ ਬਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਗਏ ਹਨ।
ਚੰਡੀਗੜ੍ਹ ਨੇੜੇ ਨਵਾਂ ਗਰਾਉਂ ਵਿੱਚ ਆਪ ਦੀ ਰੈਲੀ ਵਿੱਚ ਪ੍ਰੋਫੈਸਰ ਬਲਵੰਤ ਸਿੰਘ ਨੇ ਸਾਂਸਦ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਦੌਰਾਨ ਪ੍ਰੋ. ਬਲਵੰਤ ਸਿੰਘ ਨੇ ਆਪਣੀ ਰਾਜਨੀਤੀ ਦੀ ਅਗਲੀ ਪਾਰੀ ਦਾ ਆਗਾਜ਼ ਕਰਦਿਆਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਇਨਕਲਾਬ ਦੀ ਇਸ ਜੰਗ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪ੍ਰੋ. ਬਲਵੰਤ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਸਮਾਂ ਸਰਗਰਮ ਰਹੇ ਹਨ। ਉਹ ਕਮਿਊਨਿਸਟ ਮਾਰਕਸਵਾਦੀ ਪਾਰਟੀ ਦੇ ਸੂਬਾ ਸਕੱਤਰ ਰਹੇ ਤੇ ਮਰਹੂਮ ਮਾਰਕਸੀ ਆਗੂ ਹਰਕਿਸ਼ਨ ਸਿੰਘ ਸੁਰਜੀਤ ਦੇ ਨਜ਼ਦੀਕੀਆਂ ਵਿੱਚ ਸ਼ਾਮਲ ਸਨ।