ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਨੌਜਵਾਨਾਂ ਨੂੰ ਆਧੁਨਿਕ ਹਥਿਆਰ ਰੱਖਣ ਲਈ ਕਹਿਣ ਉੱਪਰ ਕਾਫੀ ਚਰਚਾ ਛਿੜੀ ਹੋਈ ਹੈ। ਇਸ ਉੱਪਰ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਮੌਕੇ ਗੁਰੂ ਸਾਹਿਬ ਨੇ ਸਸ਼ਤਰ ਲਿਆਉਣ/ਧਾਰਨ ਕਰਨ ਦਾ ਉਪਦੇਸ਼ ਸਿੱਖ ਸੰਗਤ ਨੂੰ ਦਿੱਤਾ ਸੀ। ਇਸ ਕਰਕੇ ਸਿੱਖਾਂ ਲਈ ਸਸ਼ਤਰ ਬਹੁਤ ਮਹੱਤਤਾ ਰੱਖਦਾ ਹੈ। ਸਿੰਘ ਸਾਹਿਬ ਨੇ ਅੱਜ ਦੇ ਗੁਰਤਾਗੱਦੀ ਦਿਵਸ ਨੂੰ ਧਿਆਨ 'ਚ ਰੱਖਦੇ ਹੋਏ ਹੀ ਬਿਆਨ ਦਿੱਤਾ ਹੈ, ਜਿਸ 'ਤੇ ਕੋਈ ਚਿੰਤਾ ਕਰਨ ਦੀ ਜਰੂਰਤ ਨਹੀਂ।
ਦੱਸ ਦਈਏ ਕਿ ਅੱਜ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨੌਜਵਾਨ ਸਿੱਖ ਪੀੜੀ ਨੂੰ ਮਾਡਰਨ ਲਾਇਸੈਂਸੀ ਹਥਿਆਰ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਕੌਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਨਜ਼ਾਕਤ ਅਨੁਸਾਰ ਲੋੜ ਹੈ ਕਿ ਨੌਜਵਾਨ ਮਾਡਰਨ ਲਾਇਸੈਂਸੀ ਹਥਿਆਰ ਰੱਖਣ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ 'ਤੇ ਜਿੱਥੇ ਸਿੱਖ ਕੌਮ ਨੂੰ ਵਧਾਈ ਦਿੱਤੀ, ਉੱਥੇ ਨੌਜਵਾਨਾਂ ਨੂੰ ਨਸ਼ੇ ਰਹਿਤ ਹੋਣ ਤੇ ਮਾਡਰਨ ਹਥਿਆਰ ਲਾਇਸੈਂਸ ਨਾਲ ਰੱਖਣ ਲਈ ਕਿਹਾ।
ਰਾਜਾ ਵੜਿੰਗ ਦਾ ਸਵਾਲ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨੌਜਵਾਨ ਸਿੱਖ ਪੀੜੀ ਨੂੰ ਮਾਡਰਨ ਲਾਇਸੈਂਸੀ ਹਥਿਆਰ ਰੱਖਣ ਦਾ ਸੱਦਾ ਦੇਣ ਮਗਰੋਂ ਬਹਿਸ ਛਿੜ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਵਾਲ ਉਠਾਇਆ ਹੈ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਤਿਕਾਰ ਸਹਿਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਨੌਜਵਾਨਾਂ ਨੂੰ ਲਾਇਸੈਂਸੀ ਆਧੁਨਿਕ ਹਥਿਆਰ ਲੈਣ ਦੀ ਲੋੜ ਕਿਉਂ ਹੈ? ਸਿੱਖ ਭਾਈਚਾਰੇ ਵਿੱਚ ਉਨ੍ਹਾਂ ਦੀ ਸਭ ਤੋਂ ਉੱਚੀ ਅਸਥਾਈ ਪੱਦਵੀ ਦੇ ਮੱਦੇਨਜ਼ਰ, ਉਨ੍ਹਾਂ ਵੱਲੋਂ ਆਧੁਨਿਕ ਹਥਿਆਰ ਰੱਖਣ ਲਈ ਸੱਦਾ ਦੇਣਾ ਸਿੱਖ ਭਾਈਚਾਰੇ ਲਈ ਕਿਸੇ ਖਾਸ ਖਤਰੇ ਬਾਰੇ ਚਿੰਤਾ ਪੈਦਾ ਕਰਦਾ ਹੈ।
ਇਹ ਵੀ ਪੜ੍ਹੋ: Mohali's Arshdeep Singh: ਖਰੜ ਦਾ ਨੌਜਵਾਨ ਅਰਸ਼ਦੀਪ ਭਾਰਤੀ ਕ੍ਰਿਕਟ ਟੀਮ 'ਚ ਸ਼ੁਮਾਰ, ਸੀਐਮ ਭਗਵੰਤ ਮਾਨ ਦਿੱਤੀ ਵਧਾਈ