ਚੰਡੀਗੜ੍ਹ: ਪ੍ਰੋਫੈਸਰ ਸੁਰਜੀਤ ਹਾਂਸ, ਜਿਨ੍ਹਾਂ ਨੇ ਸ਼ੈਕਸਪੀਅਰ ਦਾ ਸੰਪੂਰਨ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਵੱਡਾ ਕੰਮ ਕੀਤਾ ਸੀ, ਸ਼ੁੱਕਰਵਾਰ ਸਵੇਰੇ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਸੈਕਟਰ 25 ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਹੋਇਆ। ਉਹ 89 ਸਾਲਾਂ ਦੇ ਸੀ। ਉਨ੍ਹਾਂ ਦੀ ਇੱਕ ਬੇਟੀ ਹੈ ਜੋ ਸੀਨੀਅਰ ਪੱਤਰਕਾਰ ਹੈ। ਪੰਜਾਬੀ ਸ਼ਾਇਦ ਉਨ੍ਹਾਂ ਕੁਝ ਭਾਸ਼ਾਵਾਂ ਵਿੱਚੋਂ ਇੱਕ ਹੈ ਜਿਸ ਵਿੱਚ ਸ਼ੈਕਸਪੀਅਰ ਦੀ ਸੰਪੂਰਨ ਰਚਨਾ ਦਾ ਅਨੁਵਾਦ ਉਪਲਬਧ ਹੈ। ਪ੍ਰੋਫੈਸਰ ਹਾਂਸ ਨੇ 1 ਜਨਵਰੀ 1993 ਨੂੰ ਸ਼ੈਕਸਪੀਅਰ ਦਾ ਰਸਮੀ ਤੌਰ ਤੇ ਅਨੁਵਾਦ ਕਰਨਾ ਅਰੰਭ ਕੀਤਾ, ਜਦੋਂ ਉਹ ਜੀਐਨਡੀਯੂ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। 31 ਅਕਤੂਬਰ, 1930 ਨੂੰ ਜਨਮੇ ਹਾਂਸ ਨੂੰ ਪੰਜਾਬ ਸਾਹਿਤ ਅਕਾਦਮੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਦੀ ਕਿਤਾਬ ‘ਮਿੱਟੀ ਦੀ ਢੇਰੀ’ ਨੇ ਬਹੁਤ ਪ੍ਰਸ਼ੰਸਾ ਖੱਟੀ ਸੀ। ਉਨ੍ਹਾਂ ਦੀਆਂ ਆਖ਼ਰੀ ਰਚਨਾਵਾਂ ਵਿੱਚੋਂ ਡਾਰਵਿਨ ਦੀ ‘ਔਰੀਜਨ ਆਫ਼ ਸਪੀਸ਼ੀਜ਼’ ਤੇ ਕਵਿਤਾਵਾਂ ਦੀ ਇੱਕ ਪੁਸਤਕ ‘ਮ੍ਰਿਤ ਦਾ ਸਪਨਾ’ ਸੀ।
ਪੰਜਾਬੀ 'ਸ਼ੈਕਸਪੀਅਰ' ਕਹਿ ਗਏ ਜੱਗ ਨੂੰ ਅਲਵਿਦਾ
ਏਬੀਪੀ ਸਾਂਝਾ | 17 Jan 2020 05:59 PM (IST)