ਚੰਡੀਗੜ੍ਹ: ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਵਿੱਚ ਪਹੁੰਚੇ ਵਿਦੇਸ਼ੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਇੱਥੇ ਸੰਭਾਵਨਾਵਾਂ ਤਲਾਸ਼ਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਨੂੰ ਸਮਝਣਗੇ ਤੇ ਫਿਰ ਨਿਵੇਸ਼ ਕਰਨ ਬਾਰੇ ਫੈਸਲਾ ਕਰਨਗੇ। ਮਿਤਸੂਬਿਸ਼ੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਯੋਗੀ ਤਾਗੂਚੀ ਨੇ ਕਿਹਾ ਕਿ ਪੰਜਾਬ ਨੂੰ ਕਾਰੋਬਾਰ ਲਈ ਬਿਹਤਰੀਨ ਮਾਰਕੀਟ ਵਜੋਂ ਦੇਖ ਰਹੇ ਹਨ ਪਰ ਹਾਲੇ ਉਹ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।


ਜਾਪਾਨ ਦੀ ਵੱਡੀ ਕੰਪਨੀ ਮਿਤਸੂਬਿਸ਼ੀ ਕੰਪਨੀ ਦੇ ਚੇਅਰਮੈਨ ਤਾਗੂਚੀ ਨੇ ਕਿਹਾ ਕਿ ਪੰਜਾਬ ਨੂੰ ਸਮਝਣ ਲਈ ਅਜੇ ਹੋਰ ਵਿਜ਼ਿਟ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਕੁਝ ਵੀ ਪੰਜਾਬ ਵਿੱਚ ਇਨਵੈਸਟ ਨਹੀਂ ਕਰਕੇ ਜਾ ਰਹੇ ਪਰ ਪੰਜਾਬ ਨੂੰ ਸਮਝ ਕੇ ਮੁੜ ਰਹੇ ਹਨ। ਇਸ ਤੋਂ ਬਾਅਦ ਇਹ ਅਨੁਮਾਨ ਲਾਇਆ ਜਾਏਗਾ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੌਖੀਆਂ ਕੀਤੀਆ ਗਈਆਂ ਨੀਤੀਆਂ ਨਿਵੇਸ਼ ਲਈ ਜ਼ਰੂਰ ਕੰਮ ਆਉਣਗੀਆਂ।

ਇਸੇ ਤਰ੍ਹਾਂ ਜਾਪਾਨ ਦੀ ਇੰਡਸਟਰੀ ਨੂੰ ਰਿਪ੍ਰੈਜੈਂਟ ਕਰਨ ਲਈ JETRO ਦੇ ਚੀਫ ਡਾਇਰੈਕਟਰ ਜਨਰਲ ਯਾਸ਼ੀ ਯੂਕੀ ਮੁਰਾ ਹਾਸੀ ਨੇ ਕਿਹਾ ਕਿ ਪੰਜਾਬ ਵਿੱਚ ਕਾਰੋਬਾਰ ਵਧਾਉਣ ਦੀ ਕਿੰਨੀ ਸੰਭਾਵਨਾ ਹੈ, ਇਸ ਦੀ ਜਾਣਕਾਰੀ ਜਾਪਾਨ ਦੀਆਂ ਕੰਪਨੀਆਂ ਨੂੰ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਵਿੱਚ ਕਾਰੋਬਾਰ ਵਧ ਸਕਦਾ ਹੈ ਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਕਾਰੋਬਾਰ ਵਧਾਉਣ ਲਈ ਕੀ ਕੁਝ ਦੇਵੇਗੀ, ਇਸ ਦੀ ਚਰਚਾ ਜਾਪਾਨੀ ਕੰਪਨੀਆਂ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਕੰਪਨੀਆਂ ਆਪਣੀ ਰੁਚੀ ਦੇ ਹਿਸਾਬ ਨਾਲ ਪੰਜਾਬ ਵਿੱਚ ਨਿਵੇਸ਼ ਕਰਨਗੀਆਂ।

ਪੰਜਾਬ ਵਿੱਚ ਨਿਵੇਸ਼ ਕਰਨ ਲਈ ਕੋਈ ਵੀ ਕੰਪਨੀ ਪੱਕਾ ਨਹੀਂ ਕਰਕੇ ਗਈ ਪਰ ਇਹ ਜ਼ਰੂਰ ਕਹਿ ਗਏ ਕਿ ਜਾਪਾਨੀ ਕੰਪਨੀਆਂ ਦਾ ਕਾਰੋਬਾਰ ਵਧਾਉਣ ਲਈ ਪੰਜਾਬ ਵੱਡਾ ਬਾਜ਼ਾਰ ਹੈ। ਜਾਪਾਨ ਦੇ ਇਸ ਵਫਦ ਨੇ ਆਪਣੇ ਸੱਭਿਆਚਾਰ ਦੀ ਵੀ ਚਿੰਤਾ ਜਤਾਈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਜਾਪਾਨੀ ਕੰਪਨੀਆਂ ਇੱਥੇ ਆਂਦੀਆਂ ਹਨ ਤਾਂ ਕੀ ਪੰਜਾਬ ਕੋਲ ਜਾਪਾਨੀ ਸੱਭਿਆਚਾਰ ਲਈ ਜਗ੍ਹਾ ਹੈ।