ਚੰਡੀਗੜ੍ਹ: ਅੱਜ ਸਵੇਰੇ ਹੈਦਰਾਬਾਦ ਗੈਂਗਰੇਪ ਦੇ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਬੇਸ਼ੱਕ ਕੁਝ ਲੋਕ ਪੁਲਿਸ ਦੀ ਇਸ ਕਾਰਵਾਈ ਨੂੰ ਸੱਕ ਦੀ ਨਿਗ੍ਹਾ ਨਾਲ ਵੇਖ ਰਹੇ ਹਨ ਪਰ ਜ਼ਿਆਦਾਤਰ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਛਿੜੀ ਹੈ ਕਿ ਕੀ ਹੁਣ ਲੋਕਾਂ ਦਾ ਨਿਆਂ ਪ੍ਰਣਾਲੀ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਸ਼ਾਇਦੇ ਇਸੇ ਕਰਕੇ ਪੁਲਿਸ ਕਾਰਵਾਈ ਦੀ ਪ੍ਰਸ਼ੰਸਾ ਹੋ ਰਹੀ ਹੈ।


ਦਰਅਸਲ ਲੋਕਾਂ ਦੀ ਮਾਨਸਿਕਤਾ ਨੂੰ ਵੇਖਣ ਲਈ ਅਜੇ ਇੱਕ ਦਿਨ ਪਹਿਲਾਂ ਵਾਪਰੀ ਘਟਨਾ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵੀਰਵਾਰ ਨੂੰ ਉਨਾਓ ਜਬਰ-ਜਨਾਹ ਮਾਮਲੇ ਦੀ ਪੀੜਤ ਲੜਕੀ ਨੂੰ ਕੇਸ ਦੇ ਦੋ ਮੁਲਜ਼ਮਾਂ ਸਣੇ ਪੰਜ ਵਿਅਕਤੀਆਂ ਨੇ ਅੱਗ ਲਾ ਦਿੱਤੀ। ਉਹ 90 ਫ਼ੀਸਦੀ ਸੜ ਗਈ ਤੇ ਹੁਣ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ।

ਇਹ ਵੀ ਅਹਿਮ ਹੈ ਕਿ ਹਮਲਾਵਰਾਂ ਨੇ ਪੀੜਤਾ ਨੂੰ ਉਸ ਵੇਲੇ ਸਾੜਿਆ ਜਦੋਂ ਉਹ ਅਦਾਲਤ ਜਾ ਰਹੀ ਸੀ। ਸਭ ਤੋਂ ਵੱਡੀ ਗੱਲ਼ ਕਿ ਜਬਰ-ਜਨਾਹ ਕਾਂਡ ਤੇ ਅੱਗ ਲਾਉਣ ਦੀ ਘਟਨਾ ’ਚ ਸ਼ਾਮਲ ਦੋ ਮੁਲਜ਼ਮਾਂ ’ਚੋਂ ਇੱਕ 10 ਦਿਨ ਪਹਿਲਾਂ ਹੀ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਸੀ। ਇਹ ਸਭ ਨਿਆਂ ਨਾਲ ਮਜ਼ਾਕ ਨਜ਼ਰ ਆ ਰਿਹਾ ਹੈ। ਉਨਾਓ ਵਿੱਚ ਅਜਿਹੀ ਦੀ ਘਟਨਾ ਪਹਿਲਾਂ ਵਾਪਰੀ ਸੀ। ਉਸ ਵੇਲੇ ਬੀਜੇਪੀ ਲੀਡਰ ਦਾ ਨਾਂ ਬਲਾਤਕਾਰ ਕੇਸ ਵਿੱਚ ਆਇਆ ਸੀ। ਉਸ ਲੜਕੀ ਉਪਰ ਵੀ ਟਰੱਕ ਚੜ੍ਹਾ ਦਿੱਤਾ ਗਿਆ ਸੀ। ਉਹ ਵੀ ਅਦਾਲਤ ਗਵਾਹੀ ਲਈ ਜਾ ਰਹੀ ਸੀ।

ਉਧਰ, ਦਿੱਲੀ ਵਿੱਚ ਵਾਪਰੇ ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਅਜੇ ਤੱਕ ਫਾਹੇ ਨਹੀਂ ਲਾਇਆ ਜਾ ਸਕਿਆ। ਦੋਸ਼ੀਆਂ ਨੇ ਰਹਿਮ ਦੀ ਅਪੀਲ ਪਾਈ ਹੋਈ ਹੈ। ਇਸ ਕਰਕੇ ਅਦਾਲਤੀ ਕਾਰਵਾਈ ਲੰਮੀ ਤੇ ਗੁੰਝਣਦਾਰ ਹੋਣ ਕਾਰਨ ਲੋਕਾਂ ਦਾ ਭਰੋਸਾ ਨਿਆਂ ਪ੍ਰਣਾਲੀ ਤੋਂ ਉੱਠ ਰਿਹਾ ਹੈ। ਅੱਜ ਜਦੋਂ ਬਲਾਤਕਾਰੀਆਂ ਦੀ ਪੁਲਿਸ ਮੁਕਾਬਲੇ ਦੀ ਖਬਰ ਆਈ ਤਾਂ ਦੇਸ਼ ਦੀਆਂ ਅਹਿਮ ਹਸਤੀਆਂ ਨੇ ਇਸ ਦੀ ਸਵਾਗਤ ਕੀਤਾ। ਔਰਤਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਰੱਖੜੀਆਂ ਬੰਨ੍ਹੀਆਂ।