ਅੰਮ੍ਰਿਤਸਰ: ਹਰੀਕੇ ਤੋਂ ਦਿਲ ਦਹਿਲਾਉਣ ਵਾਲੀ ਖਬਰ ਹੈ। ਇੱਥੇ ਅੰਮ੍ਰਿਤਸਰ ਦੇ ਇੱਕ ਕਾਰ ਸਵਾਰ ਨੂੰ ਅਣਪਛਾਤੇ ਲੋਕਾਂ ਨੇ ਜਿਊਂਦਾ ਸਾੜ ਦਿੱਤਾ। ਇਹ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਪੁਲਿਸ ਮੁਤਾਬਕ ਕਾਰ (ਪੀਬੀ 02 ਸੀਐਲ 9351) ਵਿੱਚ ਸਵਾਰ ਹੋ ਕੇ ਦਿੱਲੀ ਜਾ ਰਹੇ ਕੋਲਡ ਡਰਿੰਕ ਦਾ ਕੰਮ ਕਰਨ ਵਾਲੇ ਅਨੂਪ ਸਿੰਘ ਨੂੰ ਕੁਝ ਅਣਪਛਾਤੇ ਲੋਕਾਂ ਨੇ ਹਰੀਕੇ ਦੇ ਪਿੰਡ ਕਿਰਤੋਵਾਲ ਨੇੜੇ ਕੁੱਟਮਾਰ ਮਗਰੋਂ ਜਿਊਂਦਾ ਸਾੜ ਦਿੱਤਾ।

ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਰਾਤ ਦਿੱਲੀ ਜਾਣ ਵਾਸਤੇ ਨਿਕਲਿਆ ਸੀ ਪਰ ਰਸਤੇ ਵਿੱਚ ਕੀ ਕੁਝ ਵਾਪਰਿਆ, ਉਸ ਬਾਰੇ ਉਹ ਕੁਝ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦਿੱਲੀ ਆਉਂਦਾ-ਜਾਂਦਾ ਸੀ ਤੇ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ।

ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਅਨੂਪ ਸਿੰਘ ਨੂੰ ਸਾੜਨ ਤੋਂ ਪਹਿਲਾਂ ਜ਼ਰੂਰ ਕੁੱਟਿਆ ਗਿਆ ਹੋਵੇਗਾ। ਐਸਪੀਡੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।