ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਸਿੱਖ ਕਤਲੇਆਮ ਸਿੱਖ ਲੜਕੀਆਂ ਨਾਲ ਬਲਾਤਕਾਰ ਤੇ ਹੋਰ ਧੱਕੇਸ਼ਾਹੀ ਗਾਂਧੀ ਪਰਿਵਾਰ ਤੇ ਕਾਂਗਰਸੀ ਲੀਡਰਾਂ ਦੇ ਇਸ਼ਾਰੇ 'ਤੇ ਹੋਇਆ ਸੀ। ਉਸ ਬਾਅਦ ਕਾਂਗਰਸ ਸਰਕਾਰ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਂਦੀ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ 10 ਸਾਲ ਅਗਵਾਈ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ ਨੇ ਸਭ ਸਪਸ਼ਟ ਕਰ ਦਿੱਤਾ ਹੈ ਕਿ ਦਿੱਲੀ ਵਿੱਚ ਉਸ ਸਮੇ ਫੌਜ ਨਾ ਲਾਉਣ ਵੱਡੀ ਗਲਤੀ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂ ਅਜੇ ਵੀ ਗਾਂਧੀ ਪਰਿਵਾਰ ਦੀ ਚਾਪਲੂਸੀ ਕਿਉਂ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਜਿਸ ਤਰ੍ਹਾਂ ਕਬੂਲ ਕੀਤਾ ਹੈ, ਉਹ ਉਨ੍ਹਾਂ ਦੇ ਧੰਨਵਾਦੀ ਹਨ ਪਰ ਇੱਕ ਗਿਲਾ ਹੈ ਕਿ ਉਹ ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਲੀਡਰਾਂ ਨਾਲ ਇੰਨੇ ਸਾਲ ਕਿਵੇਂ ਕੰਮ ਕਰਦੇ ਰਹੇ। ਉਨ੍ਹਾਂ ਨੂੰ ਚਾਹੀਦਾ ਸੀ ਕਿ ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਂਦੇ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਂਦੇ।