ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਇਹ ਵੀਡੀਓ ਸਾਹਮਣੇ ਆਉਣ ਮਗਰੋਂ ਸਿੱਖਿਆ ਵਿਭਾਗ ਦੇ ਅਧਿਕਾਰੀ ਹਰਕਤ ਵਿੱਚ ਆਏ ਹਨ। ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਤਾ ਲੱਗਾ ਕਿ ਲੁਧਿਆਣਾ ਦੇ ਸਿੱਖਿਆ ਅਧਿਕਾਰੀ ਖੁਦ ਸਕੂਲ ਪਹੁੰਚੇ ਤੇ ਮਾਮਲੇ ਦੀ ਜਾਣਕਾਰੀ ਲਈ।


ਦਰਅਸਲ ਪ੍ਰਿੰਸੀਪਾਲ ਨਾਲ ਹੋ ਰਹੇ ਅਣਮਨੁੱਖੀ ਤਸ਼ੱਦਦ ਦੀ ਵੀਡੀਓ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਸ਼ੁਰੂ ਵਿੱਚ ਵਿਭਾਗ ਦੇ ਕਿਸੇ ਅਧਿਕਾਰੀ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ। ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਹੁਣ ਅਧਿਕਾਰੀ ਮਾਮਲੇ ਦੀ ਛਾਣਬੀਨ ਕਰ ਰਹੇ ਹਨ।

ਹਾਸਲ ਜਾਣਕਾਰੀ ਮੁਤਾਬਕ ਵਾਇਰਲ ਹੋ ਰਹੀ ਵੀਡੀਓ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲਮਗੀਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਦੀ ਹੈ। ਇਸ ਵਿਚ ਕੁਝ ਔਰਤਾਂ ਵੱਲੋਂ ਉਸ ਨੂੰ ਵਾਲਾਂ ਤੋਂ ਫੜ ਕੇ ਪੂਰੇ ਪਿੰਡ ਵਿੱਚ ਘੁਮਾਇਆ ਜਾ ਰਿਹਾ ਹੈ ਤੇ ਬੁਰੀ ਤਰ੍ਹਾਂ ਗਾਲੀ ਗਲੋਚ ਵੀ ਕੀਤਾ ਜਾ ਰਿਹਾ ਹੈ।

ਇੰਨਾ ਹੀ ਨਹੀਂ ਔਰਤਾਂ ਤੇ ਕੁਝ ਸਕੂਲੀ ਵਿਦਿਆਰਥੀਆਂ ਦਾ ਟੋਲਾ ਵੀ ਨਾਲ-ਨਾਲ ਚੱਲ ਰਿਹਾ ਹੈ ਜੋ ਮੋਬਾਈਲ ਫੋਨ ਨਾਲ ਵੀਡੀਓ ਵੀ ਬਣਾ ਰਹੇ ਹਨ। ਪਤਾ ਲੱਗਾ ਹੈ ਕਿ ਪ੍ਰਿੰਸੀਪਲ ਦਾ ਆਪਣੇ ਹੀ ਸਕੂਲ ਦੀ ਕਿਸੇ ਲੈਕਚਰਾਰ ਨਾਲ ਕਰੀਬ 15 ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।