ਚੰਡੀਗੜ੍ਹ: ਤਿੰਨ ਸਾਲ ਦੀ ਨਿਕੰਮੀ ਕਾਰਗੁਜ਼ਾਰੀ ਤੋਂ ਬਾਅਦ ਕੈਪਟਨ ਸਰਕਾਰ ਨੂੰ ਅਗਲੇ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਦਾ ਡਰ ਸਤਾਉਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਲੇ ਸਿਆਸੀ ਸੰਕਟ ਦੇ ਬਾਵਜੂਦ ਕਾਂਗਰਸ ਨੂੰ ਕੈਪਟਨ ਸਰਕਾਰ ਖਿਲਾਫ ਲੋਕ ਰੋਹ ਸਾਫ ਨਜ਼ਰ ਆ ਰਿਹਾ ਹੈ। ਇਸ ਲਈ ਕੈਪਟਨ ਸਰਕਾਰ ਨੇ ਨਿਵੇਸ਼ਕਾਂ ਨੂੰ ਖਿੱਚਣ ਲਈ ਦੋ-ਰੋਜ਼ਾ ‘ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ’ ਕਰਵਾਇਆ ਜਾ ਰਿਹਾ ਹੈ।


ਇਸ ਦਾ ਮਕਸਦ ਇੱਕ ਪਾਸੇ ਨਿਵੇਸ਼ਕਾਂ ਨੂੰ ਉਤਸ਼ਾਹਤ ਕਰਕੇ ਵਿਕਾਸ ਨੂੰ ਹੁਲਾਰਾ ਦੇਣਾ ਤੇ ਦੂਜਾ ਰੁਜ਼ਗਾਰ ਪੈਦਾ ਕਰਕਨਾ ਹੈ। ਸਰਕਾਰ ਦਾ ਤਿੰਨ ਸਾਲ ਬਾਅਦ ਵੀ ਖਜ਼ਾਨਾ ਖਾਲੀ ਹੈ। ਇਸ ਲਈ ਵਿਕਾਸ ਕਾਰਜ਼ਾਂ ਨੂੰ ਬ੍ਰੇਕ ਲੱਗੀ ਹੋਈ ਹੈ। ਸਰਕਾਰ ਹੁਣ ਪ੍ਰਾਈਵੇਟ ਸੈਕਟਰ ਨਾਲ ਭਿਆਲੀ ਪਾ ਕੇ ਨਿਵੇਸ਼ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ‘ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ’ ਜ਼ਰੀਏ ਸੂਬੇ ਦੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗ (ਐਮਐਸਐਮਈ) ਸੈਕਟਰ ਨੂੰ ਆਲਮੀ ਪੱਧਰ ’ਤੇ ਧੁਰੇ ਵਜੋਂ ਉਭਾਰਿਆ ਜਾਵੇਗਾ।

ਸਰਕਾਰੀ ਸੂਤਰਾਂ ਮੁਤਾਬਕ ਇਸ ਮੌਕੇ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰੈਮਨ ਪੀਆਰਐਸ ਓਬਰਾਏ, ਆਈਟੀਸੀ ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਉਪ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਉਦੈ ਕੋਟਕ, ਆਈਟੀਸੀ ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ, ਹਿੰਦੂਜਾ ਗਰੁੱਪ ਯੂਰਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਹੀਰੋ ਐਂਟਰਪ੍ਰਾਈਜਜ਼ ਦੇ ਚੇਅਰਮੈਨ ਸੁਨੀਲ ਕਾਂਤ ਤੇ ਵਰਧਮਾਨ ਟੈਕਸਟਾਈਲ ਦੇ ਉਪ ਚੇਅਰਮੈਨ ਤੇ ਜਾਇੰਟ ਮੈਨੇਜਿੰਗ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਨੇ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਜਾਪਾਨ ਦੇ ਭਾਰਤੀ ਸਫ਼ੀਰ ਸਾਤੋਸ਼ੀ ਸਜ਼ੂਕੀ, ਐਚਐਮਈਐਲ ਦੇ ਐਨਡੀ ਪ੍ਰਭ ਦਾਸ, ਭਾਰਤੀ ਐਂਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ, ਐਚਡੀਐਫਸੀ ਦੇ ਐਮਡੀ ਅਦਿੱਤਿਆ ਪੁਰੀ, ਡੀਐਲਐਫ ਦੇ ਉਪ ਚੇਅਰਮੈਨ ਰਾਜੀਵ ਸਿੰਘ, ਸ਼ਰਾਫ਼ ਗਰੁੱਪ ਦੇ ਉਪ ਚੇਅਰਮੈਨ ਸ਼ਰਾਫੂਦੀਨ ਸ਼ਰਾਫ਼ ਤੇ ਭਾਰਤ ਹੋਟਲਜ਼ (ਲਲਿਤ ਹੋਟਲਜ਼) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਜਯੋਤਸਨਾ ਸੂਰੀ ਵਰਗੀਆਂ ਹਸਤੀਆਂ ਵੀ ਸ਼ਾਮਲ ਹੋਣਗੀਆਂ।