ਲੁਧਿਆਣਾ: ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਐਨਆਰਆਈ ਪਰਿਵਾਰਾਂ ਦੇ ਵਿਆਹ ਸਮਾਗਮ ਨੂੰ ਗ੍ਰਹਿਣ ਲਾ ਦਿੱਤਾ। ਲੁਧਿਆਣਾ ਜ਼ਿਲ੍ਹੇ ਦੇ ਪਰਵਾਸੀ ਪੰਜਾਬੀ ਇੱਥੇ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਆਏ ਸੀ ਪਰ ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਸਭ ਕੁਝ 'ਤੇ ਪਾਣੀ ਫੇਰ ਦਿੱਤਾ। ਦਰਅਸਲ ਦੋਰਾਹੇ ਨੇੜੇ ਮੈਰਿਜ ਪੈਲੇਸ ਕਸ਼ਮੀਰ ਗਾਰਡਨ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਕਰਕੇ ਹੀ ਗੋਲੀ ਚੱਲੀ ਸੀ। ਇਸ ਦੌਰਾਨ ਚਾਚੇ-ਭਤੀਜੇ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਮਰਨ ਵਾਲੇ ਕਾਂਗਰਸ ਦੇ ਹਮਾਇਤੀ ਸੀ ਜਦੋਂਕਿ ਗੋਲੀ ਮਾਰਨ ਵਾਲਾ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ।

ਹਾਸਲ ਜਾਣਕਾਰੀ ਮੁਤਾਬਕ ਮੈਰਿਜ ਪੈਲੇਸ ਵਿੱਚ ਪਿੰਡ ਖਮਾਣੋਂ ਰਹਿੰਦੇ ਪਰਿਵਾਰ ਦੀ ਲੜਕੀ ਦਾ ਵਿਆਹ ਸੀ। ਬਰਾਤ ਪਿੰਡ ਧਾਂਦਰਾ ਤੋਂ ਆਈ ਸੀ। ਸ਼ਾਮ ਕਰੀਬ ਪੰਜ ਵਜੇ ਜਦੋਂ ਜੰਝ ਖਾਣਾ ਖਾ ਰਹੀ ਸੀ ਤਾਂ ਲੜਕੇ ਵਾਲੇ ਪਾਸਿਓਂ ਵਿਆਹ ’ਚ ਸ਼ਾਮਲ ਦੋ ਧਿਰਾਂ ਵਿਚਾਲੇ ਕਿਸੇ ਗੱਲੋਂ ਤਕਰਾਰ ਹੋ ਗਈ। ਬਹਿਸ ਵਧਣ ਮਗਰੋਂ ਨੌਬਤ ਗੋਲੀ ਚੱਲਣ ਤਕ ਆ ਗਈ।

ਪਿੰਡ ਦੇ ਵਸਨੀਕ ਜਗਜੀਤ ਸਿੰਘ ਸਰਪੰਚ ਨੇ ਆਪਣੇ ਵਿਰੋਧੀਆਂ ’ਤੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਜਜਿਸ ਨਾਲ ਬਲਵੰਤ ਸਿੰਘ ਭਲਵਾਨ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਗੋਲੀ ਚਲਾਉਣ ਵਾਲਾ ਜਗਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਗੋਲੀ ਚੱਲਦੇ ਹੀ ਪੈਲੇਸ ਵਿੱਚ ਭੱਗਦੜ ਮੱਚ ਗਈ। ਮਾਰੇ ਗਏ ਦੋਵੇਂ ਵਿਅਕਤੀ ਰਿਸ਼ਤੇ ਵਿੱਚ ਚਾਚਾ-ਭਤੀਜਾ ਹਨ। ਦੋਵਾਂ ਧਿਰਾਂ ਵਿੱਚ ਪੁਰਾਣੀ ਸਰਪੰਚੀ ਨੂੰ ਲੈ ਕੇ ਰੰਜਿਸ਼ ਸੀ।