ਪੰਜਾਬ 'ਚ ਪਹਿਲੀ ਵਾਰ ਇੱਕਠਿਆਂ ਬਣਨਗੇ 22,000 ਥਾਣੇਦਾਰ
ਏਬੀਪੀ ਸਾਂਝਾ | 13 Aug 2018 02:52 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਕੱਠੇ 22,000 ਹੌਲਦਾਰਾਂ ਨੂੰ ਤਰੱਕੀ ਦੇ ਕੇ ਸਹਾਇਕ ਸਬ ਇੰਸਪੈਕਟਰ ਦਾ ਰੈਂਕ ਮਿਲਣ ਵਾਲਾ ਹੈ। ਇਸ ਤੋਂ ਇਲਾਵਾ 1,077 ਏਐਸਆਈ ਨੂੰ ਸਬ ਇੰਸਪੈਕਟਰ ਤੇ 251 ਸਬ ਇੰਸਪੈਕਟਰ ਨੂੰ ਇੰਸਪੈਕਟਰ ਬਣਾਇਆ ਜਾ ਰਿਹਾ ਹੈ। ਇੰਨੀ ਵੱਡੀ ਗਿਣਤੀ ਵਿੱਚ ਹੌਲਦਾਰਾਂ ਨੂੰ ਏਐਸਆਈ ਬਣਾਏ ਜਾਣ ਦਾ ਕੰਮ ਉਮਰ ਦੇ ਹਿਸਾਬ ਮੁਤਾਬਕ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਆਜ਼ਾਦੀ ਦਿਹਾੜੇ ਮੌਕੇ 7,500 ਹੌਲਦਾਰਾਂ ਨੂੰ ਤਰੱਕੀ ਦੇ ਕੇ ਥਾਣੇਦਾਰ ਬਣਾਇਆ ਜਾਵੇਗਾ। ਬਾਕੀ ਤਰੱਕੀਆਂ ਇੱਕ-ਇੱਕ ਮਹੀਨੇ ਦੇ ਵਕਫ਼ੇ ਦੌਰਾਨ ਦੇ ਦਿੱਤੀਆਂ ਜਾਣਗੀਆਂ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਪ੍ਰੋਮੋਸ਼ਨ ਲੰਮੇ ਸਮੇਂ ਤੋਂ ਬਕਾਇਆ ਪਈ ਸੀ, ਅਜਿਹੇ ਸਾਰੇ ਕਰਮਚਾਰੀਆਂ ਨੂੰ ਹੁਣ ਤਰੱਕੀਆਂ ਮਿਲਣਗੀਆਂ। ਪੁਲਿਸ ਅਧਿਕਾਰੀਆਂ ਮੁਤਾਬਕ ਵਿਭਾਗ ਦੇ ਏਐਸਆਈ ਨੂੰ ਪ੍ਰਮੋਟ ਕਰਨ ਲਈ ਗ੍ਰਹਿ ਵਿਭਾਗ ਨੇ ਜ਼ਿਲ੍ਹਾ ਅਫ਼ਸਰਾਂ ਨੂੰ ਵੀ ਅਥਾਰਟੀ ਦੇ ਦਿੱਤੀ ਹੈ। ਮੁੱਖ ਸਕੱਤਰ ਐਨਐਸ ਕਲਸੀ ਨੇ ਹੁਣ ਇਹ ਪਾਵਰਾਂ ਜ਼ਿਲ੍ਹਾ ਪੱਧਰ 'ਤੇ ਪੁਲਿਸ ਅਫ਼ਸਰਾਂ ਨੂੰ ਦੇ ਦਿੱਤੀਆਂ ਹਨ। ਇਸ ਤੋਂ ਇਲਾਵਾ ਨੌਨ ਗਜ਼ਟਿਡ ਅਫ਼ਸਰਾਂ ਨੂੰ ਵੀ ਬਣਦੀ ਤਰੱਕੀ ਦਿੱਤੀ ਜਾਵੇ ਤਾਂ ਜੋ ਉਹ ਅਦਾਲਤ ਨਾ ਜਾਣ ਤੇ ਸਮੇਂ ਸਿਰ ਉਨ੍ਹਾਂ ਨੂੰ ਪ੍ਰੋਮੋਸ਼ਨ ਮਿਲ ਜਾਵੇ।