ਲੰਡਨ: ‘ਰੈਫਰੰਡਮ 2020’ ਲਈ ਲੰਡਨ ਐਲਾਨਨਾਮੇ ਦੇ ਹੱਕ ਤੇ ਵਿਰੋਧ ਵਿੱਚ ਭਾਰਤੀ ਪ੍ਰਵਾਸੀਆਂ ਨੇ ਦੋ ਵੱਖੋ-ਵੱਖ ਇਕੱਠ ਕੀਤੇ। ਖ਼ਾਲਿਸਤਾਨ ਪੱਖੀ ਰੈਲੀ ਵਿੱਚ ਆਏ ਹਜ਼ਾਰਾਂ ਲੋਕਾਂ ਨੇ ਵੱਖਰੇ ਸਿੱਖ ਰਾਜ ਦੀ ਮੰਗ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਜਦਕਿ, ਭਾਰਤ ਪੱਖੀ ਰੈਲੀ ਕਰਨ ਵਾਲਿਆਂ ਨੇ ‘ਵੀ ਸਟੈਂਡ ਵਿਦ ਇੰਡੀਆ’ ਤੇ ‘ਲਵ ਮਾਈ ਇੰਡੀਆ’ ਨਾਂ ਦੇ ਪ੍ਰੋਗਰਾਮ ਕੀਤੇ।
ਭਾਰਤ ਪੱਖੀ ਰੈਲੀ ਕਰਨ ਵਾਲੇ ਭਾਰਤ ਵਿਰੋਧੀ ਰੈਲੀ ਤੋਂ ਦੂਰ ਸਕੁਏਅਰ ਦੇ ਤੈਅਸ਼ੁਦਾ ਇਲਾਕੇ ਤਕ ਸੀਮਤ ਰਹੇ। ਉੱਥੇ ਉਹ ਤਿਰੰਗੇ ਲਹਿਰਾ ਰਹੇ ਸਨ ਤੇ ਉਨ੍ਹਾਂ ‘ਭਾਰਤ ਮਾਤਾ ਦੀ ਜੈ’ ਤੇ ‘ਵੰਦੇ ਮਾਤਰਮ’ ਵਾਲੀਆਂ ਤਖ਼ਤੀਆਂ ਫੜ ਨਾਅਰੇਬਾਜ਼ੀ ਕਰ ਰਹੇ ਸਨ। ‘ਰੈਫ਼ਰੰਡਮ-2020’ ਦੇ ਪੱਖ ’ਚ ਹੋ ਰਹੇ ਭਾਸ਼ਣਾਂ ਦੀ ਆਵਾਜ਼ ਦਬਾਉਣ ਲਈ ਉੱਚੀ ਆਵਾਜ਼ ’ਚ ਢੋਲ ਵਜਾਏ ਜਾ ਰਹੇ ਸਨ।
ਖ਼ਾਲਿਸਤਾਨ ਪੱਖੀਆਂ ਵੱਲੋਂ ‘ਜ਼ਿੰਦਾਬਾਦ’ ਦੇ ਨਾਅਰੇ ਲਾਏ ਜਾ ਰਹੇ ਸਨ ਤੇ ਹੱਥਾਂ ’ਚ ਭਾਰਤ ਵਿਰੋਧੀ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਹਾਊਸ ਆਫ਼ ਲਾਰਡਜ਼ ’ਚ ਪਾਕਿਸਤਾਨ ਮੂਲ ਦੇ ਮੈਂਬਰ ਲਾਰਡ ਨਜ਼ੀਰ ਅਹਿਮਦ ਮੁੱਖ ਬੁਲਾਰਿਆਂ ’ਚ ਸ਼ਾਮਲ ਸਨ। ਸਕਾਟਲੈਂਡ ਯਾਰਡ ਨੇ ਟ੍ਰੈਫਾਲਗਰ ਸਕੁਏਅਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਦੋਵੇਂ ਧਿਰਾਂ ਆਹਮੋ-ਸਾਹਮਣੇ ਨਾ ਆ ਸਕਣ।
ਯੂਕੇ ਸਰਕਾਰ ਦੇ ਬੁਲਾਰੇ ਨੇ 'ਰੈਫ਼ਰੰਡਮ-2020' ਸਬੰਧੀ ਰੈਲੀ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਸੀ ਕਿ ਜੇਕਰ ਇੰਗਲੈਂਡ ਦੇ ਲੋਕ ਕਾਨੂੰਨ ਦੇ ਦਾਇਰੇ ਅੰਦਰ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਯੂਕੇ ਸਰਕਾਰ ਵੱਲੋਂ ਲਏ ਸਟੈਂਡ ’ਤੇ ਨਿਰਾਸ਼ਾ ਜਤਾਈ ਸੀ।
ਸਿੱਖਜ਼ ਫਾਰ ਜਸਟਿਸ ਨੇ ਕਿਹਾ ਕਿ ਉਨ੍ਹਾਂ ਦੀ ਰੈਲੀ 2020 ’ਚ ਹੋਣ ਵਾਲੇ ਰੈਫ਼ਰੰਡਮ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ ਜਿਸ ਤਹਿਤ ਵੱਡੀ ਸਿੱਖ ਆਬਾਦੀ ਵਾਲੇ ਪੰਜਾਬ ਨੂੰ ਭਾਰਤ ਆਜ਼ਾਦੀ ਦੇਵੇ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਰੈਲੀ ਦੌਰਾਨ ਵੱਡੀ ਗਿਣਤੀ ’ਚ ਖ਼ਾਲਿਸਤਾਨ ਪੱਖੀ ਲੋਕਾਂ ਦੇ ਜੁੜਨ ਨਾਲ ਸੰਯੁਕਤ ਰਾਸ਼ਟਰ ’ਤੇ ਦਬਾਅ ਬਣਾ ਕੇ ਭਾਰਤ ਨੂੰ ਰਾਇਸ਼ੁਮਾਰੀ ਕਰਾਉਣ ਲਈ ਆਖਿਆ ਜਾਵੇਗਾ।
ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਰਾਮੀ ਰੇਂਜਰ ਨੇ ਖ਼ਾਲਿਸਤਾਨੀਆਂ ਦੀ ਰੈਲੀ ਨੂੰ ਨਕਾਰਦਿਆਂ ਕਿਹਾ ਕਿ ਇਹ ਕੁਝ ਚੌਧਰੀ ਬਣੇ ਸਿੱਖਾਂ ਦੀ ਚਾਲ ਹੈ ਤੇ ਵੱਡੀ ਗਿਣਤੀ ’ਚ ਸਿੱਖ ਅਜਿਹੀ ਵੰਡ ਖਿਲਾਫ਼ ਹਨ। ਖ਼ਾਲਿਸਤਾਨ ਵਿਰੋਧੀ ਪ੍ਰਦਰਸ਼ਨ ਰੈਲੀ ਦੇ ਪ੍ਰਬੰਧਕ ਨਵਦੀਪ ਸਿੰਘ ਨੇ ਕਿਹਾ ਕਿ ਭਾਰਤੀ ਸਿੱਖ ਰੈਫ਼ਰੰਡਮ-2020 ਨਹੀਂ ਚਾਹੁੰਦੇ ਹਨ। ਉਹ ਤਾਂ ਇਹ ਵੀ ਨਹੀਂ ਜਾਣਦੇ ਕਿ ਰੈਫ਼ਰੰਡਮ ਕਿਸ ਗੱਲ ਦਾ ਹੋ ਰਿਹਾ ਹੈ। ਇਸ ਨੂੰ ਕੌਣ ਤੇ ਕਿਉਂ ਕਰਵਾਇਆ ਜਾ ਰਿਹਾ ਹੈ।