ਲੰਡਨ: ਮੇਜ਼ਬਾਨ ਇੰਗਲੈਂਡ ਨੇ ਭਾਰਤ ਨੂੰ ਲੜੀ ਦੇ ਦੂਜੇ ਟੈਸਟ ਮੈਚ ਵਿੱਚ ਕਰਾਰੀ ਹਾਰ ਦਿੱਤੀ ਹੈ। ਲੜੀ ਦੇ ਦੂਜੇ ਟੈਸਟ ਦੇ ਚੌਥੇ ਦਿਨ ਭਾਰਤ ਦੀ ਦੂਜੀ ਪਾਰੀ 130 ਦੌੜਾਂ ’ਤੇ ਸਮੇਟਦਿਆਂ ਇੰਗਲੈਂਡ ਨੇ ਲਾਡਰਜ਼ ਟੈਸਟ ਇੱਕ ਪਾਰੀ ਤੇ 159 ਦੌੜਾਂ ਨਾਲ ਜਿੱਤ ਲਿਆ। ਇਸ ਸ਼ਾਨਦਾਰ ਜਿੱਤ ਨਾਲ ਮੇਜ਼ਬਾਨ ਇੰਗਲੈਂਡ ਦੀ ਟੀਮ ਪੰਜ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹੋ ਗਈ ਹੈ।

ਭਾਰਤੀ ਟੀਮ ਦੀ ਹਾਲਤ ਇਹ ਸੀ ਕਿ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਹੀ ਪਾਰੀ ਦੀਆਂ 33 ਦੌੜਾਂ ਦੇ ਸਰਵੋਤਮ ਸਕੋਰ ਨਾਲ ਨਾਬਾਦ ਰਿਹਾ। ਬਾਕੀ ਬੱਲੇਬਾਜ਼ ਆਪਣਾ ਜਲਵਾ ਨਹੀਂ ਦਿਖਾ ਸਕੇ। ਇੰਗਲੈਂਡ ਲਈ ਬਰੌਡ ਤੇ ਐਂਡਰਸਨ ਨੇ ਚਾਰ-ਚਾਰ ਵਿਕਟਾਂ ਲਈਆਂ। ਇੰਗਲੈਂਡ ਲਈ ਪਹਿਲੀ ਪਾਰੀ ਵਿੱਚ ਸੈਂਕੜਾ ਜੜਨ ਵਾਲੇ ਹਰਫਨਮੌਲਾ ਖਿਡਾਰੀ ਕ੍ਰਿਸ ਵੋਕਸ ਦੇ ਹਿੱਸੇ ਦੋ ਵਿਕਟਾਂ ਆਈਆਂ।

ਭਾਰਤ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੈ ਮੁੜ ਨਾਕਾਮ ਰਿਹਾ ਤੇ ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ। ਹੋਰਨਾਂ ਬੱਲੇਬਾਜ਼ਾਂ ਵਿੱਚ ਲੋਕੇਸ਼ ਰਾਹੁਲ 10, ਚੇਤੇਸ਼ਵਰ ਪੁਜਾਰਾ 17, ਅਜਿਨਕਿਆ ਰਹਾਣੇ 13, ਕਪਤਾਨ ਵਿਰਾਟ ਕੋਹਲੀ 17 ਤੇ ਹਾਰਦਿਕ ਪੰਡਿਆ 26 ਦੌੜਾਂ ਬਣਾ ਕੇ ਸਸਤੇ ’ਚ ਤੁਰਦੇ ਬਣੇ। ਦਿਨੇਸ਼ ਕਾਰਤਿਕ, ਕੁਲਦੀਪ ਯਾਦਵ ਤੇ ਮੁਹੰਮਦ ਸ਼ਮੀ ਖ਼ਾਤਾ ਵੀ ਨਹੀਂ ਖੋਲ੍ਹ ਸਕੇ।

ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਅੱਜ ਇਥੇ ਆਪਣੀ ਪਹਿਲੀ ਪਾਰੀ ਸੱਤ ਵਿਕਟ ’ਤੇ 396 ਦੌੜਾਂ ਦੇ ਸਕੋਰ ’ਤੇ ਐਲਾਨ ਦਿੱਤੀ ਸੀ। ਇੰਗਲੈਂਡ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਦੇ ਅਧਾਰ ’ਤੇ 289 ਦੌੜਾਂ ਦੀ ਲੀਡ ਮਿਲੀ। ਮੇਜ਼ਬਾਨ ਬੱਲੇਬਾਜ਼ ਕ੍ਰਿਸ ਵੋਕਸ ਨੇ 137 ਦੌੜਾਂ ਦੀ ਨਾਬਾਦ ਪਾਰੀ ਖੇਡ ਟੀਮ ਨੂੰ ਮਜ਼ਬੂਤ ਕੀਤਾ। ਉਸ ਤੋਂ ਇਲਾਵਾ ਜੌਨੀ ਬੇਅਰਸਟਾਅ 93 ਤੇ ਪਹਿਲੇ ਟੈਸਟ ਮੈਚ ਦੇ ਹੀਰੋ ਸੈਮ ਕਰਨ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਆਪਣੀ ਪਹਿਲੀ ਪਾਰੀ ਵਿੱਚ 107 ਦੌੜਾਂ ਹੀ ਬਣਾ ਸਕਿਆ ਸੀ। ਜਦਕਿ ਗੇਂਦਬਾਜ਼ ਹਾਰਦਿਕ ਪੰਡਿਆ ਤੇ ਮੁਹੰਮਦ ਸ਼ਮੀ ਨੇ ਤਿੰਨ-ਤਿੰਨ ਖਿਡਾਰੀ ਆਊਟ ਕੀਤੇ।