ਇਸਲਾਮਾਬਾਦ: ਗੁਲ ਜ਼ਫ਼ਰ ਖ਼ਾਨ ਚਾਹ ਵੇਚਦਾ ਵੇਚਦਾ ਅੱਜ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਮੈਂਬਰ ਬਣ ਚੁੱਕਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਚਾਹ ਵਾਲਾ ਗੁਲ ਜ਼ਫ਼ਰ ਕਰੋੜਪਤੀ ਵੀ ਬਣ ਚੁੱਕਾ ਹੈ।
ਗੁਲ ਜ਼ਫ਼ਰ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੀ ਟਿਕਟ 'ਤੇ ਆਪਣੇ ਜੱਦੀ ਹਲਕੇ NA-41 ਬਜੌਰ ਤੋਂ ਖੜ੍ਹਾ ਹੋਇਆ ਸੀ ਤੇ ਜਿੱਤ ਗਿਆ। ਉਸ ਨੇ 22,730 ਵੋਟਾਂ ਹਾਸਲ ਕੀਤੀਆਂ। ਚੋਣਾਂ ਜਿੱਤਣ ਤੋਂ ਬਾਅਦ ਉਸ ਨੇ ਕਿਹਾ ਹੈ ਕਿ ਉਹ ਆਪਣੇ ਹਲਕੇ ਦੀਆਂ ਲੋੜਾਂ ਪ੍ਰਤੀ ਜਾਗਰੂਕ ਹੈ ਤੇ ਲੋਕ ਸੇਵਾ ਕਰਕੇ ਮਿਸਾਲ ਕਾਇਮ ਕਰੇਗਾ।
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਗੁਲ ਜ਼ਫ਼ਰ ਰਾਵਲਪਿੰਡੀ ਦੇ ਹੋਟਲ ਵਿੱਚ ਚਾਹ ਵੀ ਬਣਾਉਂਦਾ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਕੱਪੜਿਆਂ ਦਾ ਵਪਾਰ ਸ਼ੁਰੂ ਕਰ ਲਿਆ ਤੇ ਫਿਰ ਉਸ ਦੀ ਕਿਸਮਤ ਚਮਕ ਪਈ। ਅੱਜ ਗੁਲ ਜ਼ਫ਼ਰ ਖ਼ਾਨ ਦਾ ਨਾਂਅ ਪਾਕਿਸਤਾਨ ਦੇ ਕਰੋੜਪਤੀਆਂ ਵਿੱਚ ਸ਼ੁਮਾਰ ਹੈ।
ਪਾਕਿਸਤਾਨ ਦੇ ਜੀਓ ਟੀਵੀ ਮੁਤਾਬਕ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਨਾਜ਼ਦਗੀ ਪੱਤਰਾਂ ਵਿੱਚ ਗੁਲ ਜ਼ਫ਼ਰ ਨੇ ਆਪਣੀ ਕੁੱਲ ਜਾਇਦਾਦ ਕਰੋੜਾਂ ਵਿੱਚ ਦੱਸੀ ਹੈ। ਉਸ ਨੇ ਖੁਲਾਸਾ ਕੀਤਾ ਹੈ ਕਿ ਉਹ ਇੱਕ ਕਰੋੜ 13 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਦਾ ਮਾਲਕ ਹੈ। ਜ਼ਫ਼ਰ ਕੋਲ ਵੀਹ ਲੱਖ ਬੈਂਕ ਬੈਲੈਂਸ ਤੇ ਉਸ ਦੇ ਘਰੇਲੂ ਅਸਾਸਿਆਂ ਦੀ ਕੀਮਤ 10 ਲੱਖ ਬਣਦੀ ਹੈ। ਉਸ ਕੋਲ 10 ਤੋਲੇ ਸੋਨਾ ਤੇ ਇੱਕ ਕਸਟਮ ਅਦਾ ਕੀਤੇ ਤੋਂ ਬਗ਼ੈਰ ਵਾਹਨ ਦਾ ਮਾਲਕ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਉਸ ਦੀ ਜਾਇਦਾਦ ਵਿੱਚ 14,80,000 ਰੁਪਏ ਵਧ ਗਈ ਹੈ।