ਚੰਡੀਗੜ੍ਹ: ਭਾਰਤ-ਪਾਕਿਸਤਾਨ ਦੀ ਵੰਡ ਨੂੰ ਭਾਵੇਂ 70 ਸਾਲ ਬੀਤ ਗਏ ਪਰ ਹਾਲੇ ਵੀ ਇਸ ਵੰਡ ਦਾ ਦਰਦ ਕਈ ਲੋਕ ਆਪਣੇ ਸੀਨੇ ਵਿੱਚ ਛੁਪਾਈ ਬੈਠੇ ਹਨ। ਹੁਣ ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ। ਅਜਿਹੇ ਵਿੱਚ ਅੰਮ੍ਰਿਤਸਰ ਦਾ ਇੱਕ ਪਰਿਵਾਰ ਹੈ ਜੋ ਵੰਡ ਵੇਲੇ ਭਾਰਤ ਰਹਿ ਗਿਆ। ਉਨ੍ਹਾਂ ਦੇ ਬਾਕੀ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਸਨ। ਇਸ ਪਰਿਵਾਰ ਨੂੰ ਇਮਰਾਨ ਖਾਨ ਦੀ ਸਰਕਾਰ ਤੋਂ ਉਮੀਦ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਲੈਣ 'ਚ ਆਉਂਦੀਆਂ ਮੁਸ਼ਕਲਾਂ ਦਾ ਹੱਲ ਕਰੇਗੀ। ਇਸ ਪਰਿਵਾਰ ਦੀਆਂ ਪੰਜ ਧੀਆਂ ਵੀ ਪਾਕਿਸਤਾਨ ਵਿੱਚ ਵਿਆਹੀਆਂ ਹੋਈਆਂ ਹਨ।
ਯੂਨਿਸ ਖਾਨ ਨਾਂ ਦੇ ਵਿਅਕਤੀ ਦੇ ਪੁਰਖਿਆਂ ਨੇ ਵੰਡ ਵੇਲੇ ਪਾਕਿਸਤਾਨ ਦੀ ਬਜਾਏ ਅੰਮ੍ਰਿਤਸਰ, ਭਾਰਤ ਵਿੱਚ ਰਹਿਣ ਨੂੰ ਤਰਜੀਹ ਦਿੱਤੀ ਜਦਕਿ ਬਾਕੀ ਸਾਰਾ ਪਰਿਵਾਰ ਪਾਕਿਸਤਾਨ ਚਲਾ ਗਿਆ। ਯੂਨਿਸ ਖਾਨ ਦਾ ਪਰਿਵਾਰ ਅੰਮ੍ਰਿਤਸਰ ਦੇ ਹਾਲ ਗੇਟ ਇਲਾਕੇ ਵਿੱਚ ਯੂਨਿਸ ਹੋਟਲ ਚਲਾ ਰਿਹਾ ਹੈ।
ਪਰਿਵਾਰ ਦੇ ਮੁਖੀ ਯੂਨਿਸ ਮੁਹੰਮਦ ਦੀ ਸਾਲ 2004 ਵਿੱਚ ਮੌਤ ਹੋ ਗਈ ਸੀ। ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਆਪਣੀਆਂ ਪੰਜ ਬੇਟੀਆਂ ਦੇ ਵਿਆਹ ਪਾਕਿਸਤਾਨ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਕਰ ਦਿੱਤਾ। ਯੂਨਿਸ ਖ਼ਾਨ ਦੀਆਂ ਪੰਜ ਬੇਟੀਆਂ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਲਾਹੌਰ, ਕਰਾਚੀ ਤੇ ਕੋਇਟਾ ਵਿੱਚ ਰਹਿੰਦੀਆਂ ਹਨ।
ਯੂਨਿਸ ਦਾ ਪਰਿਵਾਰ ਪਾਕਿਸਤਾਨ ਵਿਆਹੀਆਂ ਆਪਣੀਆਂ ਧੀਆਂ ਦੇ ਦੁੱਖ-ਸੁਖ 'ਚ ਸ਼ਰੀਕ ਹੋਣ ਦੀ ਕੋਸ਼ਿਸ਼ 'ਚ ਰਹਿੰਦਾ ਹੈ ਪਰ ਪਰਿਵਾਰ ਦੇ ਮੁਖੀ ਰਫੀ ਅਹਿਮਦ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਨ੍ਹਾਂ ਨੂੰ ਵੀਜ਼ਾ ਲੈਣ ਵਿੱਚ ਇੰਨੀ ਮੁਸ਼ਕਲ ਆਉਂਦੀ ਹੈ ਕਿ ਕਈ ਵਾਰ ਤਾਂ ਉਨ੍ਹਾਂ ਦਾ ਵੀਜ਼ਾ ਲੈਣ ਨੂੰ ਮਨ ਹੀ ਨਹੀਂ ਕਰਦਾ।
ਉਨ੍ਹਾਂ ਦੱਸਿਆ ਕਿ ਅੰਬੈਸੀ ਚਾਹੇ ਭਾਰਤ ਦੀ ਹੋਵੇ ਜਾਂ ਪਾਕਿਸਤਾਨ ਦੀ ਇਨ੍ਹਾਂ 'ਚ ਕੰਮ ਕਰਦੇ ਅਧਿਕਾਰੀ ਕਈ ਵਾਰ ਅਜਿਹੀਆਂ ਖਰੀਆਂ-ਖਰੀਆਂ ਗੱਲਾਂ ਕਰਦੇ ਹਨ ਜਿਸ ਨਾਲ ਮਨ ਨੂੰ ਦੁੱਖ ਲੱਗਦਾ ਹੈ। ਪਰਿਵਾਰ ਦੀ ਸਭ ਤੋਂ ਬਜ਼ੁਰਗ ਤੇ ਮੁਖੀ ਸੁਰੱਈਆ ਨੇ ਵੀ ਆਪਣੇ ਦਰਦ ਨੂੰ ਬਿਆਨ ਕਰਦਿਆਂ ਇਮਰਾਨ ਖਾਨ ਤੋਂ ਉਮੀਦ ਕੀਤੀ ਕਿ ਉਨ੍ਹਾਂ ਨੂੰ ਵੀਜ਼ੇ ਸਬੰਧੀ ਕੋਈ ਮੁਸ਼ਕਿਲ ਨਹੀਂ ਆਏਗੀ ਅਤੇ ਨਾਲ ਹੀ ਮੰਗ ਕੀਤੀ ਕਿ ਅੰਬੈਸੀ ਦਾ ਦਫਤਰ ਅੰਮ੍ਰਿਤਸਰ ਚ ਵੀ ਖੋਲ੍ਹਿਆ ਜਾਵੇ।