ਨਿਊਯਾਰਕ: ਅਮਰੀਕਾ ਦੇ ਅਟਾਰਨੀ ਜਨਰਲ ਜੈਫ ਸੈਸ਼ਨਜ਼ ਨੇ ਬੀਤੇ ਸਾਲ ਕੰਸਾਸ ਵਿੱਚ ਮਾਰੇ ਗਏ ਭਾਰਤੀ ਇੰਜਨੀਅਰ ਸ੍ਰੀਨਿਵਾਸਨ ਕੁੱਚੀਭੋਟਲਾ ਨੂੰ ਗ਼ਲਤੀ ਨਾਲ ਸਿੱਖ ਸਮਝ ਲਿਆ। ਅਮਰੀਕਾ ਦੇ ਸਭ ਤੋਂ ਉੱਚੇ ਕਾਨੂੰਨਦਾਨ ਅਫ਼ਸਰ ਨੇ ਇਹ ਗ਼ਲਤੀ ਬੀਤੀ ਅੱਠ ਅਗਸਤ ਨੂੰ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਰ ਦਿੱਤੀ।

ਉਨ੍ਹਾਂ ਕਹਿ ਦਿੱਤਾ ਸੀ ਕਿ ਪਿਛਲੇ ਸਾਲ ਇੱਕ ਭਾਰਤੀ ਮੂਲ ਦੇ ਅਮਰੀਕੀ ਸਿੱਖ ਨੂੰ ਮੁਸਲਮਾਨ ਸਮਝ ਕੇ ਕਤਲ ਕਰਨ ਦੇ ਦੋਸ਼ ਵਿੱਚ ਅਸੀਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੈਸ਼ਨਜ਼ ਦੇ ਇਸ ਭਾਸ਼ਣ ਦੀ ਵੀਡੀਓ ਆਨਲਾਈਨ ਵੀ ਉਪਲਬਧ ਹੈ। ਅਟਾਰਨੀ ਜਨਰਲ ਦੀ ਇਸ ਗ਼ਲਤੀ ਬਾਰੇ ਜਦ ਉਨ੍ਹਾਂ ਦੇ ਵਿਭਾਗ ਨੂੰ ਦੱਸਿਆ ਗਿਆ ਤਾਂ ਵਿਭਾਗ ਨੇ ਇਸ ਨੂੰ ਦਰੁਸਤ ਕਰਦਿਆਂ ਆਪਣੀ ਵੈੱਬਸਾਈਟ 'ਤੇ ਵੀ ਪ੍ਰਕਾਸ਼ਤ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇੰਜਨੀਅਰ ਸ੍ਰੀਨਿਵਾਸ ਕੁੱਚੀਭੋਟਲਾ ਨੂੰ ਕੰਸਾਸ ਸ਼ਹਿਰ ਵਿੱਚ ਪਿਛਲੇ ਸਾਲ ਅਮਰੀਕੀ ਨੇਵੀ ਦੇ ਸਾਬਕਾ ਜਵਾਨ ਨੇ ਗੋਲ਼ੀ ਮਾਰ ਦਿੱਤੀ ਸੀ। ਕਤਲ ਦੇ ਦੋਸ਼ ਵਿੱਚ ਐਡਮ ਪੁਰਿੰਟਨ ਨੂੰ ਤੀਹਰੀ ਉਮਰ ਕੈਦ ਯਾਨੀ 60 ਸਾਲ ਜੇਲ੍ਹ ਦੀ ਸਜ਼ਾ ਵੀ ਹੋ ਚੁੱਕੀ ਹੈ।