ਲੰਡਨ: ਸਥਾਨਕ ਮੇਅਰ ਸਾਦਿਕ ਖ਼ਾਨ ਨੇ ਟ੍ਰੈਫਲਗਰ ਸਕੁਏਅਰ ਵਿੱਚ ਹੋਣ ਜਾ ਰਹੀ ਖ਼ਾਲਿਸਤਾਨ ਪੱਖੀ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਰੈਲੀ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਤਕ ਹੋਣੀ ਹੈ। ਹਾਲਾਂਕਿ, ਇਸੇ ਦਿਨ ਦੁਪਹਿਰ ਇੱਕ ਤੋਂ ਚਾਰ ਵਜੇ ਤਕ ਭਾਰਤ ਦੇ ਸਮਰਥਨ ਵਿੱਚ ਹੋਣ ਜਾ ਰਹੀ ਰੈਲੀ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ।

'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਲੰਦਨ ਮੇਅਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਮਰਥਕ ਰੈਲੀ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਕੋਲ ਮਨਜ਼ੂਰੀ ਨਹੀਂ ਸੀ। ਖਾਲਿਸਤਾਨ ਸਮਰਥਕ ਰੈਲੀ, ਲੰਦਨ ਡੈਕਲੇਰੇਸ਼ਨ ਨੂੰ ਅਮਰੀਕਾ ਦੀ ਸੰਸਥਾ ਸਿੱਖ ਫਾਰ ਜਸਟਿਸ (SFJ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਰੈਲੀ ਦਾ ਮਕਸਦ ਪੰਜਾਬ ਦੀ ਆਜ਼ਾਦੀ ਲਈ 2020 ਨੂੰ ਇੱਕ ਗ਼ੈਰ ਰੁਕਾਵਟੀ ਲੋਕ ਰਾਇਸ਼ੁਮਾਰੀ ਦੀ ਮੰਗ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਰੈਲੀ ਨੂੰ ਸਾਬਕਾ ਸੰਸਦ ਜੌਰਜ ਗੈਲੋਵੇ ਵੀ ਸੰਬੋਧਨ ਕਰ ਜਾ ਰਹੇ ਹਨ।

ਦੂਜੇ ਪਾਸੇ, ਭਾਰਤ ਦੇ ਸਮਰਥਨ ਵਿੱਚ ਹੋਣ ਵਾਲੀ ਰੈਲੀ ਦਾ ਪ੍ਰਚਾਰ ਮੁੱਖ ਤੌਰ 'ਤੇ ਫੇਸਬੁੱਕ ਰਾਹੀਂ ਹੀ ਕੀਤਾ ਗਿਆ ਹੈ। 'ਵੀ ਇੰਡੀਅਨਜ਼' ਨਾਂ ਦੇ ਸਮੂਹ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਉਹ ਐਤਵਾਰ ਨੂੰ ਟ੍ਰੈਫਲਗਰ ਸਕੁਏਅਰ 'ਤੇ ਹੀ ਭਾਰਤ ਦੀ ਆਜ਼ਾਦੀ ਦੀ 71ਵੀਂ ਵਰ੍ਹੇਗੰਢ ਮਨਾਉਣ ਲਈ ਰੈਲੀ ਕਰਵਾ ਰਿਹਾ ਹੈ। ਇਹ ਗਰੁੱਪ ਛੇ ਮਹੀਨੇ ਪਹਿਲਾਂ ਹੀ ਬਣਾਇਆ ਗਿਆ ਹੈ।

ਹਾਲਾਂਕਿ, ਇਸ ਸਮੂਹ ਦਾ ਕਹਿਣਾ ਹੈ ਕਿ ਰੈਲੀ ਨੂੰ ਆਜ਼ਾਦੀ-ਦਿਹਾੜੇ ਦਾ ਜਸ਼ਨ ਮਨਾਉ ਲਈ ਕੀਤਾ ਜਾ ਰਿਹਾ ਹੈ, ਪਰ ਗਰੁੱਪ ਦੇ ਕਨਵੀਨਰ ਮਨੋਜ ਖੰਨਾ ਨੇ ਕਿਹਾ ਕਿ ਇਹ ਰੈਲੀ SFJ ਦੀ ਰੈਲੀ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ਜਦ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ ਤਾਂ ਖੰਨਾ ਨੇ ਕਿਹਾ ਕਿ ਅਸੀਂ ਕੁਝ ਵੀ ਰਸਮੀ ਤੌਰ 'ਤੇ ਨਹੀਂ ਕਰ ਰਹੇ। ਅਸੀਂ ਸਿਰਫ਼ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ। ਅਜਿਹਾ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਅਸੀਂ ਪੁਲਿਸ ਨੂੰ ਵੀ ਸਾਡੀ ਆਮਦ ਬਾਰੇ ਸੂਚਿਤ ਕਰ ਦਿੱਤਾ ਹੈ।