ਵਾਸ਼ਿੰਗਟਨ: ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਤੇ ਵ੍ਹਾਈਟ ਹਾਊਸ ਦੀ ਸਲਾਹਕਾਰ ਇਵਾਂਕਾ ਟਰੰਪ ਨੇ ਆਪਣੇ ਪਿਤਾ ਦੇ ਤਰੀਕੇ ਤੋਂ ਉਲਟ ਗੋਰੀ ਚਮੜੀ ਨੂੰ ਉੱਤਮ ਸਮਝਣ, ਨਸਲੀ ਤੇ ਨਵ-ਫਾਸ਼ੀਵਾਦ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਇਵਾਂਕਾ ਨੇ ਵਰਜੀਨੀਆ ਸੂਬੇ ਦੇ ਸ਼ਾਰਲੈਟਸਵਿਲੇ ਵਿੱਚ ਚਿੱਟੀ ਚਮੜੀ ਪ੍ਰਧਾਨ ਰੈਲੀ 'ਚ ਭੜਕੇ ਦੰਗਿਆਂ ਦੀ ਬਰਸੀ ਮੌਕੇ ਟਵੀਟ ਦੌਰਾਨ ਅਜਿਹਾ ਕਿਹਾ ਹੈ।
ਇਵਾਂਕਾ ਟਰੰਪ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਸ਼ਾਰਲੈਟਸਵਿਲੇ ਵਿੱਚ ਅਸੀਂ ਨਫ਼ਰਤ, ਨਸਲੀ, ਕੱਟੜਤਾ ਤੇ ਹਿੰਸਾ ਦੀ ਗੰਦੀ ਉਦਾਹਰਣ ਦੇਖੀ ਸੀ ਪਰ ਸਾਡੇ ਅਮਰੀਕੀਆਂ ਕੋਲ ਇੱਕ ਅਜਿਹੇ ਦੇਸ਼ ਵਿੱਚ ਰਹਿਣ ਦਾ ਮੌਕਾ ਹਾਸਲ ਹੈ ਜਿੱਥੇ ਆਜ਼ਾਦੀ, ਬੋਲਣ ਦੀ ਖੁੱਲ੍ਹ ਹੈ, ਵੱਖੋ-ਵੱਖ ਰਾਏ ਹੈ ਤੇ ਇੱਥੇ ਸਾਡੇ ਸ਼ਾਨਾਮੱਤੇ ਦੇਸ਼ ਵਿੱਚ ਚਿੱਟੀ ਚਮੜੀ ਨੂੰ ਉੱਤਮ ਸਮਝਣ, ਨਸਲੀ ਭੇਦਭਾਵ ਤੇ ਨਵ-ਫ਼ਾਸ਼ੀਵਾਦ ਲਈ ਕੋਈ ਥਾਂ ਨਹੀਂ।
ਇਵਾਂਕਾ ਦੇ ਇਹ ਟਵੀਟ ਉਸ ਸਮੇਂ ਆਏ ਜਦ ਉਸ ਦੇ ਪਿਤਾ ਤੇ ਰਾਸ਼ਟਰਪਤੀ ਟਰੰਪ ਨੇ ਉਕਤ ਘਟਨਾ 'ਤੇ ਕੋਈ ਖ਼ਾਸ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ। ਟਰੰਪ ਨੇ ਇਸ ਘਟਨਾ ਦਾ ਗੋਲਮੋਲ ਤਰੀਕੇ ਨਾਲ ਵਿਰੋਧ ਜ਼ਾਹਰ ਕਰਦਿਆਂ ਕਿਹਾ ਸੀ ਕਿ ਦੋਵੇਂ ਪਾਸੇ (ਨਸਲੀ ਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ) ਬਹੁਤ ਵਧੀਆ ਲੋਕ ਸਨ। ਟਰੰਪ ਨੇ ਕਿਹਾ ਸੀ ਕਿ ਮੈਂ ਹਰ ਕਿਸਮ ਦੇ ਨਸਲੀ ਭੇਦਭਾਵ ਤੇ ਹਿੰਸਕ ਕਾਰਵਾਈਆਂ ਦੀ ਨਿੰਦਾ ਕਰਦਾ ਹਾਂ।