ਬਰਨਾਲਾ: ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿੱਚ ਇੱਕ ਨੌਜਵਾਨ ਦਾ ਨਿੱਜੀ ਰੰਜਿਸ਼ ਕਾਰਨ ਕਤਲ ਹੋ ਗਿਆ ਹੈ। ਨੌਜਵਾਨ ਗੁਰਮੀਤ ਸਿੰਘ ਦਾ ਉਸ ਦੇ ਗੁਆਂਢੀਆਂ ਨਾਲ ਪਲਾਟ ਕਾਰਨ ਝਗੜਾ ਸੀ ਤੇ ਮਾਮਲਾ ਅਦਾਲਤ ਵਿੱਚ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਸ ਦਾ ਪੁੱਤਰ ਪਲਾਟ ਵਾਲੇ ਕੇਸ ਦੀ ਤਰੀਕ ਤੋਂ ਬਾਅਦ ਅਦਾਲਤ 'ਚੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਗੁਆਂਢੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਪਲਾਟ ਦਾ ਸੌਦਾ ਤੈਅ ਹੋਇਆ ਸੀ ਤੇ ਇਸ ਦਾ ਬਿਆਨਾਂ ਵੀ ਦਿੱਤਾ ਹੋਇਆ ਸੀ। ਉਨ੍ਹਾਂ ਦੇ ਗੁਆਂਢੀ ਪਲਾਟ ਹੜੱਪਣਾ ਚਾਹੁੰਦੇ ਸਨ। ਉਸ ਨੇ ਦੱਸਿਆ ਕਿ ਰਾਹ ਵਿੱਚ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਉਨ੍ਹਾਂ ਦੇ ਗੁਆਂਢੀਆਂ ਨੇ ਉਸ ਦੇ ਪੁੱਤਰ 'ਤੇ ਹਮਲਾ ਕਰ ਦਿੱਤਾ ਤੇ ਚੁੱਕ ਕੇ ਆਪਣੇ ਘਰ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ। ਬਰਨਾਲਾ ਥਾਣਾ ਸਦਰ ਦੇ ਮੁਖੀ ਗੌਰਵ ਵੰਸ਼ ਨੇ ਦੱਸਿਆ ਕਿ ਧਾਰਾ 302, 148, 149 ਅਧੀਨ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸਾਰੇ ਦੋਸ਼ੀ ਹਾਲੇ ਫਰਾਰ ਹਨ ਤੇ ਭਾਲ ਜਾਰੀ ਹੈ।