ਚੰਡੀਗੜ੍ਹ: ਅੱਜ ਪੂਰੇ ਸੰਸਾਰ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਤੇ ਸੂਬਾ ਸਰਕਾਰਾਂ ਵੱਲੋਂ ਚੰਗੇ ਅਧਿਆਪਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਸਨਮਾਨਤ ਕਰਨਾ ਚੰਗੀ ਗੱਲ ਹੈ ਪਰ ਬਹੁਤ ਸਾਰੇ ਅਜਿਹੇ ਅਧਿਆਪਕ ਵੀ ਹਨ ਜਿਨ੍ਹਾਂ ਦਾ ਨਾਮ ਸਰਕਾਰੀ ਲਿਸਟ ਵਿੱਚ ਨਾ ਹੋਵੇ ਪਰ ਜਿਨ੍ਹਾਂ ਦੇ ਕੰਮਾਂ ਦੀ ਗਵਾਹੀ ਪਿੰਡ ਤੇ ਸਕੂਲ ਦੇ ਬੱਚੇ ਦਿੰਦੇ ਹਨ। ਜਿਹੜੇ ਪਿੰਡ ਤੇ ਸਕੂਲ ਦੇ ਬੱਚਿਆਂ ਲਈ ਹਰਮਨ ਪਿਆਰੇ ਹਨ। ਜਿਨ੍ਹਾਂ ਦੀ ਬਦਲੀ ਹੋਣ 'ਤੇ ਲੋਕ ਸੜਕਾਂ 'ਤੇ ਨਿੱਤਰ ਜਾਂਦੇ ਹਨ। ਅਜਿਹੇ ਅਧਿਆਪਕਾਂ 'ਚੋਂ ਕੁਝ ਅਧਿਆਪਕਾ ਬਾਰੇ ਦੱਸਦੇ ਹਾਂ। ਬਠਿੰਡਾ ਦੇ ਪਿੰਡ ਬੁਰਜ ਮਾਨਸਾਹੀਆਂ ਦੀ ਅਧਿਆਪਕਾ ਪ੍ਰਵੀਨ ਸ਼ਰਮਾ ਜਦੋਂ 10 ਸਾਲ ਪਹਿਲਾਂ ਇੱਥੇ ਆਈ ਤਾਂ ਸਕੂਲ ਦੀ ਬੇਹੱਦ ਮਾੜੀ ਹਾਲਤ ਸੀ। ਅੱਜ ਸਕੂਲ ਦੀ ਨੁਹਾਰ ਹੀ ਨਹੀਂ ਬਦਲੀ ਬਲਕਿ ਇਹ ਸਾਲ 2013 ਸਮੇਂ ਪੰਜਾਬ ਦਾ ਇਹ ਇਕਲੌਤਾ ਸਕੂਲ ਸੀ, ਜਿਸ ਵਿੱਚ ਸਮਾਰਟ ਕਲਾਸਾਂ ਚੱਲਦੀਆਂ ਸਨ। ਅਧਿਆਪਕਾਂ ਤੇ ਬੱਚਿਆਂ ਨੇ ਮਜ਼ਦੂਰੀ ਕਰਕੇ ਸਕੂਲ ਦਾ ਨਿਰਮਾਣ ਕੀਤਾ। ਫ਼ਿਰੋਜ਼ਪੁਰ ਦੇ ਪਿੰਡ ਮਹਾਲਮ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਕਲੌਤਾ ਰੈਗੂਲਰ ਅਧਿਆਪਕ ਆਪਣੇ ਸਕੂਲ ਦੀ ਹੁਨਾਰ ਹੀ ਬਦਲ ਦਿੱਤੀ ਹੈ। ਜਿਹੜੇ ਸਕੂਲ ਵਿੱਚ ਕੋਈ ਕਲਾਸ ਲਾਉਣ ਨੂੰ ਤਿਆਰ ਨਹੀਂ ਸੀ ਤੇ ਮੀਂਹ ਪੈਣ 'ਤੇ ਦਰਿਆ ਬਣ ਜਾਂਦਾ ਸੀ, ਅੱਜ ਇਸ ਸਕੂਲ ਵਿੱਚ ਸਮਾਰਟ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਮਿਹਨਤੀ ਅਧਿਆਪਕ ਨੇ ਪਿੰਡ ਦੇ ਸਹਿਯੋਗ ਸਦਕਾ ਅੱਜ ਇਹ ਸਕੂਲ ਨਮੂਨੇ ਦਾ ਸਕੂਲ ਬਣ ਗਿਆ ਹੈ। ਮਹਿਕਮੇ ਨੇ ਉਸ ਨੂੰ ਐਵਾਰਡ ਲਈ ਬਿਨੇ ਕਰਨ ਲਈ ਕਿਹਾ ਪਰ ਉਸ ਨੇ ਨਾਂ ਕਰਦਿਆਂ ਸਫਲ ਬੱਚਿਆਂ ਨੂੰ ਆਪਣਾ ਵੱਡਾ ਐਵਾਰਡ ਦੱਸਦਿਆਂ ਨਾਂ ਕਰ ਦਿੱਤੀ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਪੰਜੋਲੀ ਕਲਾਂ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਬਲਵਿੰਦਰ ਕੌਰ ਜਿਸ ਲਈ ਬੱਚਿਆਂ ਨੂੰ ਪੜਾਉਣਾ ਨੌਕਰੀ ਨਹੀਂ ਬਲਕਿ ਸਭ ਤੋਂ ਵੱਡੀ ਸਮਾਜ ਸੇਵਾ ਹੈ। ਪਿੰਡ ਵਾਲਿਆਂ ਦੀ ਇੰਨੀ ਚਹੇਤੀ ਹੈ ਕਿ ਇੱਕ ਵਾਰੀ ਉਸ ਦੀ ਬਦਲੀ ਕਰਨ 'ਤੇ ਲੋਕਾਂ ਨੇ ਬਦਲੀ ਰੁਕਵਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਉਹ ਗਰੀਬ ਬੱਚਿਆਂ ਦੀਆਂ ਫੀਸਾਂ, ਗਰੀਬ ਲੜਕੀਆਂ ਦੇ ਵਿਆਹ, ਖਿਡਾਰੀਆਂ ਨੂੰ ਖੇਡ ਕਿੱਟਾਂ, ਸਭ ਕੁਝ ਉਹ ਗੁਪਤ ਰਹਿ ਕੇ ਕਰਦੀ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਚਪੜਾਸੀ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੇ ਸਾਰੇ ਕੰਮ ਉਹ ਖੁਦ ਕਰਦੀ ਹੈ। ਮਾਨਸਾ ਦੇ ਪਛੜੇ ਇਲਾਕੇ ਬੋਹਾ ਦੇ ਸਰਕਾਰੀ ਸਕੂਲ (ਲੜਕੇ) ਦੇ ਦੋ ਲੈਕਚਰਾਰਾਂ ਦੀ ਜੋੜੀ ਸਿੱਖਿਆ ਜ਼ਿਲ੍ਹਾ ਦਾ ਮਾਨ ਹਨ। ਲੰਘੇ ਦਹਾਕੇ ਵਿੱਚੋਂ ਇਸ ਸਕੂਲ ਦਾ ਬੱਚਾ ਕਦੇ ਸਾਇੰਸ ਵਿੱਚੋਂ ਫੇਲ੍ਹ ਨਹੀਂ ਹੋਇਆ, ਸਗੋਂ ਕਈ ਦਫ਼ਾ ਬੱਚੇ ਮੈਰਿਟ ਵਿੱਚ ਆਏ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਸਫ਼ਲ ਬੱਚੇ ਹੀ ਉਨ੍ਹਾਂ ਦਾ ਪੁਰਸਕਾਰ ਹੈ। ਐਵਾਰਡ ਲਈ ਕਦੇ ਨਾ ਅਪਲਾਈ ਕੀਤਾ ਹੈ ਤੇ ਨਾ ਕਰਨਾ ਹੈ। ਹੋਰ ਬਹੁਤ ਸਾਰੇ ਅਧਿਆਪਕ ਹਨ ਜਿੰਨਾ ਦਾ ਜ਼ਿਕਰ ਨਹੀਂ ਹੋ ਸਕਿਆ। ਮਾਣ ਹੈ ਇਨ੍ਹਾਂ ਅਧਿਆਪਕਾਂ 'ਤੇ ਜਿਹੜੇ ਨਿੱਜੀਕਰਨ ਦੇ ਦੌਰ ਵਿੱਚ ਸਰਕਾਰੀ ਘਾਟਾਂ ਦੇ ਬਾਵਜੂਦ ਲੋਕਾਂ ਤੇ ਬੱਚਿਆਂ ਲਈ ਅਦਰਸ਼ ਹਨ। ਇਨ੍ਹਾਂ ਦੇ ਬਦੌਲਤ ਅਧਿਆਪਕ ਦਾ ਅਸਲ ਦਰਜਾ ਕਾਇਮ ਹੈ।