ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਜੁਰਗਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਪੰਜਾਬ ਦੇ ਬਠਿੰਡਾ, ਫ਼ਤਹਿਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਪਟਿਆਲਾ, ਤਰਨ ਤਾਰਨ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਐਸ.ਏ.ਐਸ. ਨਗਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿਚ ਬਿਰਧ ਘਰ ਖੋਲ੍ਹਣ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਰਾਜ ਵਿੱਚ ਬਿਰਧ ਆਸ਼ਰਮ ਦੀ ਜ਼ਰੂਰਤ ਹੈ ,ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਵਿੱਚ ਬਜ਼ੁਰਗਾਂ ਲਈ ਬਿਰਧ ਆਸ਼ਰਮ ਖੋਲ੍ਹਣ ਦੀ ਤਜ਼ਵੀਜ਼ ਬਣਾਈ ਹੈ। 

 

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮੁਢਲੇ ਤੌਰ 'ਤੇ ਰਜਿਸਟਰਡ ਗੈਰ ਸਰਕਾਰੀ ਸੰਸਥਾਵਾਂ/ਟਰੱਸਟ/ਰੈਡ ਕਰਾਸ ਸੁਸਾਇਟੀ ਨੂੰ ਵਿੱਤੀ ਸਹਾਇਤਾਂ ਦੇ ਕੇ ਇਹਨਾਂ ਬਿਰਧ ਆਸ਼ਰਮਾਂ ਨੂੰ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਬਿਰਧ ਆਸ਼ਰਮ 25 ਬਜੁਰਗਾਂ ਤੋਂ ਲੈ ਕੇ 150 ਬਜੁਰਗਾਂ ਦੀ ਦੇਖਭਾਲ ਦੀ ਸਮਰੱਥਾ ਦੇ ਹੋਣਗੇ। ਉਨ੍ਹਾਂ ਕਿਹਾ ਕਿ ਇਹਨਾਂ ਬਿਰਧ ਆਸ਼ਰਮਾਂ ਸਬੰਧੀ ਵਿਭਾਗ ਵੱਲੋਂ ਕਾਰਵਾਈ ਬਹੁਤ ਤੇਜ਼ੀ ਨਾਲ ਚਲਾਈ ਜਾ ਰਹੀ ਹੈ।

 

ਦੱਸ ਦੇਈਏ ਕਿ ਇਕ ਸਮਾਂ ਸੀ ਜਦੋਂ ਘਰ ਦੇ ਬਜ਼ੁਰਗ ਨੂੰ ਘਰ ਦਾ ਸ਼ਿੰਗਾਰ ਸਮਝਿਆ ਜਾਂਦਾ ਸੀ। ਬੱਚੇ ਬਜ਼ੁਰਗਾਂ ਤੋਂ ਪੁੱਛੇ ਬਿਨਾਂ ਘਰੋਂ ਕਦਮ ਨਹੀਂ ਪੁੱਟਦੇ ਸਨ। ਉਸ ਸਮੇਂ ਘਰਾਂ ਵਿਚ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਹੁੰਦਾ ਸੀ। ਸਾਂਝਾ ਪਰਿਵਾਰ ਹੁੰਦਾ ਤੇ ਬੱਚੇ ਦਾਦੀ-ਨਾਨੀ ਦੀਆਂ ਬਾਤਾਂ ਸੁਣਦੇ ਕਦੋਂ ਵੱਡੇ ਹੋ ਕੇ ਵਿਆਹੇ ਵੀ ਜਾਂਦੇ ਪਤਾ ਹੀ ਨਹੀਂ ਲੱਗਦਾ ਸੀ। ਅੱਜ ਦੇ ਸਮੇਂ ਸਮਾਜ ਦੀ ਸਥਿਤੀ ਬਿਲਕੁਲ ਉਲਟ ਹੈ। ਧੀਆਂ -ਪੁੱਤ ਆਪਣੇ ਬਜ਼ੁਰਗ ਨੂੰ ਘਰੋਂ ਕੱਢ ਦਿੰਦੇ ਹਨ। ਬਜ਼ੁਰਗ ਬਿਰਧ ਆਸ਼ਰਮਾਂ ਵਿਚ ਰਹਿਣ ਲਈ ਮਜ਼ਬੂਰ ਹਨ।
 

 ਅੱਜ ਮਾਪੇ ਪੈਸਾ ਖੁੱਲ੍ਹਾ ਖ਼ਰਚ ਕੇ ਬੱਚਿਆਂ ਨੂੰ ਸੁੱਖ-ਸੁਵਿਧਾਵਾਂ ਲੋੜ ਤੋਂ ਵੱਧ ਦੇ ਰਹੇ ਹਨ, ਪਰ ਉਨ੍ਹਾਂ ਕੋਲ ਸਮਾਂ ਨਹੀਂ ,ਜਿਸ ਦੀ ਬੱਚਿਆਂ ਨੂੰ ਸਭ ਤੋਂ ਵੱਧ ਲੋੜ ਹੈ। ਘਰ ਵਿਚ ਪੁੱਤਰ ਪੈਦਾ ਹੋਣ ’ਤੇ ਮਾਪਿਆਂ ਦੇ ਪੈਰ ਜ਼ਮੀਨ ’ਤੇ ਨਹੀਂ ਲੱਗਦੇ ਪਰ ਅੱਜ ਉਹੀ ਮਾਪੇ ਬੱਚਿਆਂ ਲਈ ਬੋਝ ਬਣੇ ਹੋਏ ਹਨ। ਜਾਇਦਾਦ ਆਪਣੇ ਨਾਂ ਕਰਵਾ ਕੇ ਉਨ੍ਹਾਂ ਨੂੰ ਬਿਰਧ ਆਸ਼ਰਮ ਛੱਡ ਦਿੱਤਾ ਜਾਂਦਾ ਹੈ। ਬੱਚੇ ਉਨ੍ਹਾਂ ਨੂੰ ਪੁਰਾਣਾ ਸਮਝ ਕੇ ਸਟੋਰ ਵਿਚ ਜਾਂ ਪੌੜੀਆਂ ਹੇਠ ਮੰਜਾ ਡਾਹ ਦਿੰਦੇ ਹਨ। ਉਹੀ ਬੱਚੇ ਬਾਹਰ ਸੰਤਾਂ-ਮਹਾਤਮਾ ਦੀ ਸੇਵਾ ਤਾਂ ਕਰਦੇ ਹਨ ਪਰ ਮਾਪਿਆਂ ਦਾ ਬੁਢਾਪਾ ਰੋਲ ਦਿੰਦੇ ਹਨ।