Punjab News: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪੰਚਾਇਤੀ ਰਾਜ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਰੋਪੜ ਵਿੱਚ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਇੱਥੇ 19 ਏਕੜ ਜ਼ਮੀਨ ’ਤੇ ਹੋਏ ਕਬਜ਼ੇ ਨੂੰ ਛੁਡਾਉਣ ਲਈ ਟਰੈਕਟਰ ਲੈ ਕੇ ਗਏ ਸੀ। ਉਨ੍ਹਾਂ ਨੇ ਪੁਲਿਸ ਸੁਰੱਖਿਆ ਦਰਮਿਆਨ ਖੇਤ ਵਿੱਚ ਖੜ੍ਹੀ ਕਣਕ ਦੀ ਫ਼ਸਲ ’ਤੇ ਖੁਦ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ।


ਇਹ ਦੇਖ ਕੇ ਜ਼ਮੀਨ 'ਤੇ ਵਾਹੀ ਕਰਨ ਵਾਲੀ ਵਿਧਵਾ ਔਰਤ ਰੋਣ ਲੱਗ ਪਈ। ਉਹ ਭੱਜ ਕੇ ਆਈ ਅਤੇ ਮੰਤਰੀ ਦੇ ਟਰੈਕਟਰ ਅੱਗੇ ਖੜ੍ਹ ਗਈ। ਉਸ ਨੇ ਕਿਹਾ ਕਿ ਜੇਕਰ ਕਰਜ਼ਾ ਲੈ ਕੇ ਬੀਜੀ ਫ਼ਸਲ ਤਬਾਹ ਹੋ ਗਈ ਤਾਂ ਉਹ ਟਰੈਕਟਰ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਵੇਗੀ। ਲੇਡੀ ਪੁਲਿਸ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਿਧਵਾ ਹੋਣ ਅਤੇ ਛੋਟੇ ਬੱਚੇ ਹੋਣ ਦਾ ਹਵਾਲਾ ਦਿੰਦੇ ਹੋਏ ਰੋਂਦੀ ਰਹੀ।


ਪਿੰਡ ਦੇ ਲੋਕ ਵੀ ਔਰਤ ਦੇ ਸਮਰਥਨ ਵਿੱਚ ਆ ਗਏ। ਲੋਕ ਮੰਤਰੀ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਜਿਸ ਤੋਂ ਬਾਅਦ ਪੁਲਿਸ ਆਈ ਅਤੇ ਹੰਗਾਮਾ ਵਧਦਾ ਦੇਖ ਕੇ ਮੰਤਰੀ ਉਥੋਂ ਵਾਪਸ ਪਰਤ ਗਏ। ਵਿਧਵਾ ਔਰਤ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਦੱਸਿਆ ਗਿਆ, ਮੰਤਰੀ ਨੇ ਮੇਰਾ ਖੇਤ ਵਾਹੁ ਕੇ ਮੇਰਾ 1 ਲੱਖ ਰੁਪਏ ਦਾ ਨੁਕਸਾਨ ਕੀਤਾ ਹੈ। ਮੇਰੇ 2 ਛੋਟੇ ਬੱਚੇ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਅਜਿਹੀ ਕਿਸੇ ਵੀ ਕਾਰਵਾਈ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ। ਇਹ ਘਟਨਾ ਰੋਪੜ ਦੇ ਪਿੰਡ ਹਰਨਾਮਪੁਰ ਵਿੱਚ ਬੁੱਧਵਾਰ ਦੇਰ ਸ਼ਾਮ ਵਾਪਰੀ।


ਮੰਤਰੀ ਲਾਲਜੀਤ ਭੁੱਲਰ ਨੇ ਦੱਸਿਆ ਕਿ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਸੀ। ਹਰ ਕੋਈ ਜਾਣਦਾ ਸੀ। ਔਰਤ ਦੇ ਬਿਆਨ ਤੋਂ ਸਾਫ਼ ਹੈ ਕਿ ਉਹ ਸਭ ਕੁਝ ਜਾਣਦੀ ਸੀ। ਹੁਣ ਉਸ ਨੇ ਠੇਕਾ ਭਰਨ ਦੀ ਗੱਲ ਕੀਤੀ ਹੈ। ਔਰਤ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਹ ਜ਼ਮੀਨ ਸ਼ਾਮਲਾਟ ਹੈ। ਸਾਡਾ ਪਰਿਵਾਰ 50 ਸਾਲਾਂ ਤੋਂ ਇੱਥੇ ਕੰਟਰੈਕਟ ਫਾਰਮਿੰਗ ਕਰ ਰਿਹਾ ਹੈ। ਉਸ ਦੇ ਪਤੀ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਅਸੀਂ 1 ਲੱਖ ਰੁਪਏ ਦਾ ਕਰਜ਼ਾ ਲੈ ਕੇ ਜ਼ਮੀਨ ਬੀਜੀ ਹੈ। ਔਰਤ ਨੇ ਕਿਹਾ ਕਿ ਉਸ ਨੂੰ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ ਜੇ ਸਰਕਾਰ ਨੇ ਧੱਕਾ ਕੀਤਾ ਤਾਂ ਉਹ ਖੁਦਕੁਸ਼ੀ ਕਰ ਲਵੇਗੀ