ਜਲੰਧਰ: ਪੰਜਾਬ ਸਰਕਾਰ ਵੱਲੋਂ ਕੱਲ੍ਹ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਤਬਾਦਲਿਆਂ 'ਚ ਜਲੰਧਰ ਵੈਸਟ ਦੇ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ (ਏਸੀਪੀ) ਕੈਲਾਸ਼ ਚੰਦਰ ਦਾ ਵੀ ਨਾਂ ਸੀ। ਅੱਜ ਸਵੇਰੇ ਜਦੋਂ ਜਲੰਧਰ ਵੈਸਟ ਦੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੂੰ ਏਸੀਪੀ ਦੇ ਟਰਾਂਸਫਰ ਦੀ ਖਬਰ ਪਤਾ ਲੱਗੀ ਤਾਂ ਉਨ੍ਹਾਂ ਨੇ ਇਸ ਦੇ ਰੋਸ ਵਜੋਂ ਥਾਣੇ ਦੇ ਬਾਹਰ ਧਰਨਾ ਲਾ ਦਿੱਤਾ। ਧਰਨਾ ਦੇ ਰਹੇ ਲੋਕਾਂ ਦਾ ਕਹਿਣਾ ਹੈ ਕਿ ਏਸੀਪੀ ਨੇ ਇਲਾਕੇ 'ਚ ਨਸ਼ਾ ਖਤਮ ਕਰਵਾਉਣ 'ਚ ਵੱਡੀ ਭੂਮਿਕਾ ਨਿਭਾਈ ਹੈ। ਇਸ ਲਈ ਤਬਾਦਲਾ ਨਹੀਂ ਕੀਤਾ ਜਾਣਾ ਚਾਹੀਦਾ। ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਇਲਜ਼ਾਮ ਲਾਇਆ ਕਿ ਏਸੀਪੀ ਦੇ ਤਬਾਦਲੇ ਤੋਂ ਬਾਅਦ ਇਲਾਕੇ 'ਚ ਨਸ਼ਾ ਤਸਕਰ ਮੁੜ ਸਰਗਰਮ ਹੋ ਜਾਣਗੇ। ਜ਼ਿਕਰਯੋਗ ਹੈ ਕਿ ਜਲੰਧਰ ਵੈਸਟ ਦਾ ਇਲਾਕਾ ਸ਼ਰਾਬ ਤਸਕਰੀ ਤੇ ਕ੍ਰਾਇਮ ਦੇ ਮਾਮਲੇ 'ਚ ਜਾਣਿਆ ਜਾਂਦਾ ਹੈ। ਵੀਰਵਾਰ ਰਾਤ ਇੱਥੇ ਕੁਝ ਲੋਕਾਂ ਨੇ ਇਕ ਨੌਜਵਾਨ ਦਾ ਕਤਲ ਵੀ ਕਰ ਦਿੱਤਾ ਸੀ। ਸਨੈਚਿੰਗ ਦੇ ਮਾਮਲੇ ਇੱਥੇ ਪੂਰੇ ਜਲੰਧਰ ਸ਼ਹਿਰ ਵਾਂਗ ਆਮ ਹੀ ਹਨ। ਲੋਕਾਂ ਦੇ ਧਰਨੇ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਰਜਿੰਦਰ ਸਿੰਘ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਕੀਤਾ। ਡੀਸੀਪੀ ਨੇ ਕਿਹਾ ਕਿ ਇਹ ਰੁਟੀਨ 'ਚ ਹੋਣ ਵਾਲਾ ਤਬਾਦਲਾ ਹੈ। ਇਸ ਨਾਲ ਇਲਾਕੇ ਦੀ ਕਾਨੂੰਨ ਵਿਵਸਥਾ 'ਚ ਅਸਰ ਨਹੀਂ ਹੋਵੇਗਾ।