Agriculture Bill: ਖੇਤੀ ਬਿੱਲਾਂ ਖਿਲਾਫ ਕੱਢਿਆ ਗਿਆ ਰੋਸ਼ ਮਾਰਚ, ਸੇਵਾ ਸਿੰਘ ਸੇਖਵਾਂ ਨੇ ਕੀਤੀ ਅਗੁਵਾਈ
ਏਬੀਪੀ ਸਾਂਝਾ | 23 Sep 2020 01:47 PM (IST)
ਗੁਰਦਾਸਪੁਰ ਦੇ ਪਿੰਡ ਸੇਖਵਾਂ ਦਾ ਇਹ ਰੋਸ ਮਾਰਚ ਪੂਰਾ ਦਿਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ 'ਚ ਹੁੰਦਾ ਹੋਇਆ, ਡੀਸੀ ਗੁਰਦਾਸਪੁਰ ਦੇ ਦਫਤਰ ਜਾ ਕੇ ਖ਼ਤਮ ਹੋਵੇਗਾ।
ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਅੱਜ ਖੇਤੀ ਬਿੱਲਾਂ ਦੇ ਵਿਰੋਧ 'ਚ ਗੁਰਦਾਸਪੁਰ ਦੇ ਪਿੰਡ ਸੇਖਵਾਂ ਤੋਂ ਇੱਕ ਰੋਸ਼ ਮਾਰਚ ਕੱਢਿਆ ਗਿਆ। ਜਿਸ ਦੀ ਅਗੁਵਾਈ ਅਕਾਲੀ ਨੇਤਾ ਸੇਵਾ ਸਿੰਘ ਸੇਖਵਾਂ ਨੇ ਕੀਤੀ। ਦੱਸ ਦਈਏ ਕਿ ਇਸ ਸਮੇਂ ਪੂਰੇ ਸੂਬੇ 'ਚ ਕੇਂਦਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਖਿਲਾਫ ਕਾਫੀ ਹੰਗਾਮਾ ਹੋ ਰਿਹਾ ਹੈ। ਪੰਜਾਬ ਦੇ ਕਿਸਾਨਾਂ ਸਣੇ ਕਈ ਰਾਜਨੀਤੀਕ ਪਾਰਟੀਆਂ ਵਲੋਂ ਵੀ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਗੁਰਦਾਸਪੁਰ ਦੇ ਪਿੰਡ ਸੇਖਵਾਂ ਦਾ ਇਹ ਰੋਸ ਮਾਰਚ ਪੂਰਾ ਦਿਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ 'ਚ ਹੁੰਦਾ ਹੋਇਆ, ਡੀਸੀ ਗੁਰਦਾਸਪੁਰ ਦੇ ਦਫਤਰ ਜਾ ਕੇ ਖ਼ਤਮ ਹੋਵੇਗਾ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਖੇਤੀ ਬਿੱਲ ਕਾਲੇ ਕਾਨੂੰਨ ਹਨ ਅਤੇ ਇਹ ਕਿਸਾਨ ਮਾਰੂ ਹਨ। ਜਿਨ੍ਹਾਂ ਨਾਲ ਪੰਜਾਬ ਸੂਬਾ ਤਬਾਹ ਹੋ ਜਾਵੇਗਾ। ਇਸ ਦੇ ਨਾਲ ਹੀ ਸੇਖਵਾਂ ਨੇ ਅੱਗੇ ਕਿਹਾ ਕਿ ਦੇਸ਼ ਦਾ 80 ਫੀਸਦੀ ਵਰਗ ਸਿਧੇ ਅਤੇ ਅਸਿੱਧੇ ਤੌਰ 'ਤੇ ਕਿਸਾਨੀ ਨਾਲ ਜੁੜਿਆ ਹੈ। ਪਰ ਇਨ੍ਹਾਂ ਬਿੱਲਾਂ ਨਾਲ ਸਭ ਪ੍ਰਭਾਵਿਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਉਹ ਖੁਦ ਜੂਨ ਮਹੀਨੇ ਤੋਂ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਧਰਨੇ ਦੇਣ ਦੇ ਐਲਾਨ 'ਤੇ ਸੇਖਵਾਂ ਨੇ ਕਿਹਾ ਕਿ ਲੋਕ ਅਵਾਜ਼ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਉਸ ਅੱਗੇ ਉਨ੍ਹਾਂ ਨੂੰ ਝੁਕਣਾ ਪਏਗਾ। ਅੱਜ ਅਕਾਲੀ ਦਲ ਬਾਦਲ ਇਸ ਨੂੰ ਕਾਨੂੰਨ ਨਾ ਬਣ ਲਈ ਵਿਰੋਧ 'ਚ ਹੈ। ਉੱਥੇ ਹੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਹੁਣ ਪੰਜਾਬ ਅਤੇ ਦੂਸਰੇ ਸੂਬਿਆਂ ਦੇ ਕਿਸਾਨ ਸੜਕਾਂ 'ਤੇ ਹਨ ਅਤੇ ਇਹ ਲੋਕ ਅਵਾਜ਼ ਹੈ ਜਿਸ ਕਰਕੇ ਕੇਂਦਰ ਨੂੰ ਇਹ ਕਾਨੂੰਨ ਵਾਪਿਸ ਲੈਣੇ ਪੈਣਗੇ ਅਤੇ ਜਦੋਂ ਤਕ ਕੇਂਦਰ ਫੈਸਲਾ ਵਾਪਿਸ ਨਹੀਂ ਲੈਂਦੀ ਸੰਗਰਸ਼ ਜਾਰੀ ਰਹੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904