ਅੰਮ੍ਰਿਤਸਰ: ਕੱਲ੍ਹ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਜ਼ੋਨ ਇੰਚਾਰਜ ਗੁਰਿੰਦਰ ਵੱਲੋਂ ਸੱਦੀ ਗਈ ਬੈਠਕ ਵਿੱਚ ਹੋਈ ਝੜਪ ਦੀ ਸਫਾਈ ਦਿੰਦਿਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸੁੱਚਾ ਸਿੰਘ ਛੋਟੇਪੁਰ 'ਤੇ ਵੱਡਾ ਹਮਲਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਅਸ਼ੋਕ ਤਲਵਾਰ ਨੇ ਇਲਜ਼ਾਮ ਲਾਇਆ ਕਿ ਕੱਲ੍ਹ ਜੋ ਕੁਝ ਵੀ ਹੋਇਆ, ਉਹ ਛੋਟੇਪੁਰ ਦੇ ਹੀ ਇਸ਼ਾਰੇ 'ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਬਾਰੇ ਹਾਈਕਮਾਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਅਨਿਲ ਮਹਾਜਨ ਨਾਲ ਕੁੱਟ-ਮਾਰ ਕਰਨ ਵਾਲਿਆਂ ਖਿਲਾਫ ਉਹ ਪੁਲਿਸ ਨੂੰ ਕੋਈ ਵੀ ਸ਼ਿਕਾਇਤ ਨਹੀਂ ਦੇਣਗੇ।

 

ਅਸ਼ੋਕ ਤਲਵਾਰ ਸਮੇਤ ਅੰਮ੍ਰਿਤਸਰ ਦੇ ਕਈ ਹੋਰ ਪਾਰਟੀ ਲੀਡਰਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕੱਲ੍ਹ ਜੋ ਬੈਠਕ ਸੱਦੀ ਗਈ ਸੀ, ਉਹ ਪਾਰਟੀ ਵੱਲੋਂ ਨਹੀਂ ਬਲਕਿ ਛੋਟੇਪੁਰ ਦੇ ਪੱਕੇ ਹਮਾਇਤੀ ਗੁਰਿੰਦਰ ਸਿੰਘ ਬਾਜਵਾ ਵੱਲੋਂ ਸੱਦੀ ਗਈ ਸੀ। ਉਸ ਬੈਠਕ ਵਿੱਚ ਜਿਨ੍ਹਾਂ ਲੋਕਾਂ ਵੱਲੋਂ ਅਨਿਲ ਮਹਾਜਨ 'ਤੇ ਹਮਲਾ ਕੀਤਾ ਗਿਆ, ਉਹ ਲੋਕ ਵੀ ਅੰਮ੍ਰਿਤਸਰ ਤੋਂ ਨਹੀਂ ਬਲਕਿ ਬਾਹਰੋਂ ਲਿਆਂਦੇ ਗਏ ਸਨ। ਤਲਵਾਰ ਨੇ ਕਿਹਾ ਕਿ ਇਹ ਲੋਕ ਪਿਛਲੇ ਕਈ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ ਤੇ ਇਸ ਬਾਰੇ ਪਹਿਲਾਂ ਵੀ ਪਾਰਟੀ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।

 

ਤਲਵਾਰ ਨੇ ਇੱਕ ਹੋਰ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਛੋਟੇਪੁਰ ਦੇ ਬਹੁਤ ਹੀ ਖਾਸ ਬਾਜਵਾ ਤੇ ਉਨ੍ਹਾਂ ਦੇ ਹੋਰ ਸਾਥੀਆਂ ਵੱਲੋਂ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਾ ਸੀ ਕਿ ਕਿਸ-ਕਿਸ ਸੀਟ ਤੋਂ ਕਿਸ-ਕਿਸ ਲੀਡਰ ਨੂੰ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਜਾਣੀਆਂ ਹਨ। ਪਾਰਟੀ ਵੱਲੋਂ ਟਿਕਟਾਂ ਦੀ ਵੰਡ ਤੋਂ ਬੌਖਲਾਏ ਇਹ ਲੀਡਰ ਹੁਣ ਅਜਿਹੀਆਂ ਹਰਕਤਾਂ 'ਤੇ ਉਤਾਰੂ ਹੋ ਚੁੱਕੇ ਹਨ।