ਚੰਡੀਗੜ੍ਹ: ਪੰਜਾਬ ਕਾਂਗਰਸ ਇੱਕ ਅਕਤੂਬਰ ਤੋਂ ਪੰਜਾਬ 'ਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਜਿਸ 'ਚ ਅਹਿਮ ਮੁੱਦਾ ਚਿੱਟਾ ਰਹੇਗਾ। ਇਹ ਮੁਹਿੰਮ ਦਾ ਮੁੱਖ ਕੇਂਦਰ ਮਾਲ ਮੰਤਰੀ ਬਿਕਰਮ ਮਜੀਠੀਆ ਦਾ ਹਲਕਾ ਮਜੀਠਾ ਰਹੇਗਾ। ਇਹ ਗੱਲ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਤੇ ਯੂਥ ਲੀਡਰ ਰਵਨੀਤ ਬਿੱਟੂ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਹੀ ਹੈ। ਬਿੱਟੂ ਆਪਣੇ ਦਾਦਾ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੀ ਬਰਸੀ 'ਤੇ ਪੁੱਜੇ ਹੋਏ ਸਨ।

 

 

 

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਦੀ ਸ਼ਹਾਦਤ ਨਾਲ ਹੀ ਪੰਜਾਬ 'ਚ ਸ਼ਾਂਤੀ ਆਈ ਹੈ। ਅੱਜ ਦੇ ਬਰਸੀ ਸਮਾਗਮ 'ਚ ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ ਸਮੇਤ ਕਾਂਗਰਸ ਦੇ ਸੀਨੀਅਰ ਲੀਡਰ ਨਹੀਂ ਪੁੱਜੇ। ਉਨ੍ਹਾਂ ਕਿਹਾ ਇਸ ਮੁਹਿੰਮ 'ਚ ਸਭ ਤੋਂ ਵੱਡਾ ਮਸਲਾ ਚਿੱਟੇ ਨੂੰ ਬਣਾਇਆ ਜਾਵੇਗਾ ਕਿਉਂਕਿ ਚਿੱਟੇ ਨਾਲ ਪੰਜਾਬ ਦੀ ਜਵਾਨੀ ਵੱਡੇ ਪੱਧਰ 'ਤੇ ਬਰਬਾਦ ਹੋ ਰਹੀ ਹੈ। ਉਨ੍ਹਾਂ ਕਿਹਾ ਅਕਾਲੀ ਜੋ ਮਰਜ਼ੀ ਕਹਿੰਦੇ ਰਹਿਣ ਪਰ ਸੱਚ ਇਹ ਹੈ ਕਿ ਅਕਾਲੀ-ਬੀਜੇਪੀ ਸਰਕਾਰ 'ਚ ਨਸ਼ਾ ਵੱਡੇ ਪੱਧਰ 'ਤੇ ਵਧਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਹੋਰ ਵਿਧਾਇਕਾਂ ਤੇ ਲੀਡਰਾਂ ਦੇ ਹਲਕਿਆਂ 'ਚ ਕਾਂਗਰਸ ਪਾਰਟੀ ਇਹ ਮੁਹਿੰਮ ਲਿਜਾਵੇਗੀ।

 

ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਇਸ ਮੁਹਿੰਮ 'ਚ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਲੀਡਰ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਜਲਦ ਹੀ ਕਾਂਗਰਸ ਪਾਰਟੀ ਇਸ ਮੁਹਿੰਮ ਦਾ ਰਸਮੀ ਤੌਰ 'ਤੇ ਐਲਾਨ ਕਰੇਗੀ। ਬਿੱਟੂ ਨੇ ਕਿਹਾ ਕਿ ਕਾਂਗਰਸ ਦੀ ਇਸ ਮੁਹਿੰਮ 'ਚ ਨਾਲ ਸੂਬੇ ਦੇ ਸ਼ੋਸ਼ਲ ਵਰਕਰ ਤੇ ਐਨ.ਜੀ.ਓਜ਼. ਵੀ ਜੁੜਣਗੇ ਤਾਂ ਪੰਜਾਬ 'ਚ ਨਸ਼ੇ ਦੀ ਅਲਾਮਤ ਨੂੰ ਖ਼ਤਮ ਕੀਤਾ ਜਾ ਸਕੇ।

 

 

ਉਨ੍ਹਾਂ ਨਵਜੋਤ ਸਿੰਘ ਸਿੱਧੂ ਤੇ ਸੁੱਚਾ ਸਿੰਘ ਛੋਟੇ 'ਤੇ ਹਮਲਾ ਕਰਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਅਜਿਹੇ ਲੀਡਰਾਂ ਦੀ ਲੋੜ ਨਹੀਂ ਹੈ ਕਿਉਂਕਿ ਕਾਂਗਰਸ ਕੋਲ ਪਹਿਲਾਂ ਹੀ ਵੱਡੇ ਲੀਡਰ ਹਨ ਤੇ ਸੂਬੇ 'ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ।