ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਦਾ ਪ੍ਰੋਗਰਾਮ ਆ ਗਿਆ ਹੈ। ਇਸ ਤਹਿਤ ਵੋਟਿੰਗ 7 ਸਤੰਬਰ ਨੂੰ ਹੋਵੇਗੀ ਤੇ ਇਸੇ ਦਿਨ ਹੀ ਨਤੀਜੇ ਆ ਜਾਣਗੇ। ਇਨ੍ਹਾਂ ਚੋਣਾਂ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਚੋਣਾਂ ਦੌਰਾਨ ਕੋਈ ਵੀ ਹਿੰਸਕ ਘਟਨਾ ਜਾਂ ਤਣਾਅ ਪੈਦਾ ਨਾ ਹੋਵੇ, ਇਸ ਲਈ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਪੁਲਿਸ ਵੱਲੋਂ ਪਹਿਲਾਂ ਹੀ ਸਖਤੀ ਕੀਤੀ ਗਈ ਹੈ।
ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਦੋ ਸਤੰਬਰ ਨੂੰ ਸਵੇਰੇ 9:30 ਤੋਂ 10:30 ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। 10:30 ਤੋਂ 12:00 ਕਾਗਜ਼ਾਂ ਦੀ ਪੜਤਾਲ ਹੋਵੇਗੀ। ਇਸ ਤੋਂ ਬਾਅਦ 12 ਵਜੇ ਸਾਰੇ ਵਿਭਾਗਾਂ ਵਿੱਚ ਸੂਚੀ ਲੱਗੇਗੀ। 12:30 ਤੋਂ 1:30 ਵਜੇ ਇਤਰਾਜ਼ ਦਰਜ ਕਰਾਏ ਜਾਣਗੇ। ਇਸ ਪ੍ਰਕਿਰਿਆ ਦੇ ਬਾਅਦ 2:30 ਵਜੇ ਪ੍ਰੋਵੀਜ਼ਨਲ ਸੂਚੀ DSW ਕੋਲ ਜਾਏਗੀ।
3 ਸਤੰਬਰ ਨੂੰ ਸਵੇਰੇ 10 ਵਜੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਵੇਗੀ। 10:30 ਤੋਂ 12.00 ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ 12:30 ਵਜੇ ਆਖਰੀ ਸੂਚੀ DSW ਕੋਲ ਜਾਏਗੀ। ਫਿਰ 3 ਵਜੇ ਉਮੀਦਵਾਰਾਂ ਦੀ ਫਾਈਨਲ ਸੂਚੀ ਜਾਰੀ ਕੀਤੀ ਜਾਵੇਗੀ ਵੋਟਿੰਗ 7 ਸਤੰਬਰ ਨੂੰ ਸਵੇਰੇ 9:30 ਤੋਂ 11 ਵਜੇ ਤੱਕ ਹੋਵੇਗੀ। ਇਸ ਵੋਟਿੰਗ ਤੋਂ ਬਾਅਦ ਨਤੀਜੇ 12 ਵਜੇ ਤੱਕ ਸਬੰਧਤ ਵਿਭਾਗਾਂ 'ਚ ਜਾਰੀ ਹੋਣਗੇ। ਇਨ੍ਹਾਂ ਨਤੀਜਿਆਂ ਦੇ ਅਧਾਰ ਤੇ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਤੇ ਸਕੱਤਰ ਦੇ ਨਾਵਾਂ ਦਾ ਐਲਾਨ 2 ਵਜੇ ਕੀਤਾ ਜਾਏਗਾ।
ਚੋਣਾਂ ਦੀ ਤਰੀਖ ਦਾ ਐਲਾਨ ਹੋਣ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਸੁਰੱਖਿਆ ਦੇ ਲਿਹਾਜ਼ ਨਾਲ 400 ਪੁਲਿਸ ਮੁਲਾਜ਼ਮਾਂ ਤੇ 300 ਯੂਨੀਵਰਸਿਟੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।