ਜਲੰਧਰ: ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਕਰਮਚਾਰੀਆਂ ਨੇ ਵੀਰਵਾਰ ਨੂੰ ਵੀ ਨਿਗਮ ਵਿੱਚ ਕੰਮਕਾਜ ਠੱਪ ਰੱਖਿਆ। ਨਗਰ ਨਿਗਮ ਦੇ ਬਾਹਰ ਦਰੀਆਂ ਵਿਛਾ ਕੇ ਬੈਠੇ ਅਫਸਰਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਮੁਲਜ਼ਮ ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਗ੍ਰਿਫਤਾਰ ਕੀਤਾ ਜਾਵੇ।

ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਜ਼ਮਾਨਤ ਅਰਜ਼ੀ 'ਤੇ ਬਾਅਦ ਦੁਪਹਿਰ ਜਲੰਧਰ ਦੀ ਜ਼ਿਲ੍ਹਾ ਅਦਾਲਤ ਵੱਲੋਂ ਫੈਸਲਾ ਦਿੱਤਾ ਜਾਵੇਗਾ। ਐਤਵਾਰ ਸ਼ਾਮ ਨੂੰ ਜਦੋਂ ਸਾਬਕਾ ਮੇਅਰ 'ਤੇ ਕੇਸ ਦਰਜ ਹੋਇਆ, ਤਾਂ ਉਸ ਵੇਲੇ ਤੋਂ ਹੀ ਉਹ ਰੂਪੋਸ਼ ਚੱਲ ਰਹੇ ਹਨ।

ਬਿਲਡਿੰਗ ਬ੍ਰਾਂਚ ਦੇ ਲਖਬੀਰ ਸਿੰਘ ਨੇ ਦੱਸਿਆ ਕਿ ਮੇਅਰ ਦੀ ਗ੍ਰਿਫਤਾਰੀ ਵਾਸਤੇ ਆਪਣਾ ਵਿਰੋਧ ਜ਼ਾਹਿਰ ਕਰ ਰਹੇ ਹਾਂ। ਸਾਡੇ ਇਸ ਰੋਸ ਪ੍ਰਦਰਸ਼ਨ ਵਿੱਚ ਹੋਰ ਵਿਭਾਗਾਂ ਦੇ ਕਰਮਚਾਰੀ ਵੀ ਸ਼ਾਮਲ ਹਨ। ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਵੀ ਭਰੋਸਾ ਦਵਾਇਆ ਹੈ ਕਿ ਜਲਦ ਤੋਂ ਜਲਦ ਸਾਬਕਾ ਮੇਅਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਨਿਗਮ ਵੱਲੋਂ ਦੱਸੀਆਂ ਧਾਰਾਵਾਂ ਨੂੰ ਐਫਆਈਆਰ ਵਿੱਚ ਜੋੜੀਆਂ ਜਾਣਗੀਆਂ।
ਕੀ ਹੈ ਮਾਮਲਾ?

ਸ਼ਹਿਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਤੇ ਉਨ੍ਹਾਂ ਦੇ ਪੜਪੋਤੇ ਤੇ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਵਿਚਕਾਰ ਸੜਕ 'ਤੇ ਹੱਥੋਪਾਈ ਹੋ ਗਈ ਸੀ। ਜੋਸ਼ੀ 'ਤੇ ਲੈਂਟਰ ਪੁਾਉਣ ਦੀ ਇਜਾਜ਼ਤ ਦੇਣ ਬਦਲੇ ਰਿਸ਼ਵਤ ਮੰਗਣ ਦੇ ਦੋਸ਼ ਵੀ ਲਾਏ ਜਾ ਰਹੇ ਹਨ।

ਬਿਲਡਿੰਗ ਇੰਸਪੈਕਟਰ 'ਤੇ ਇਲਜ਼ਾਮ ਸੀ ਕਿ ਉਹ ਇਕੱਲਾ ਹੀ ਉਨ੍ਹਾਂ ਦੇ ਇਲਾਕੇ ਵਿੱਚ ਗਿਆ ਤੇ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਧੱਕਾਮੁੱਕੀ ਹੋਈ ਤੇ ਦੋਹਾਂ ਨੇ ਉਸ ਨੂੰ ਕੁੱਟਿਆ। ਹਾਲਾਂਕਿ, ਇੰਸਪੈਕਟਰ ਨੇ ਵੀ ਕਈ ਜਵਾਬੀ ਵਾਰ ਕੀਤੇ।ਹਾਲਾਂਕਿ, ਘਟਨਾ ਬੀਤੇ ਐਤਵਾਰ ਦੀ ਹੈ ਪਰ ਇਸ ਦਾ ਵੀਡੀਓ ਅੱਜ ਸਾਹਮਣੇ ਆਇਆ ਹੈ।