ਚੰਡੀਗੜ੍ਹ: ਪੰਜਾਬ ਦੇ ਅਧਿਆਪਕਾਂ ਤੇ ਸਰਕਾਰ ਵਿਚਾਲੇ ਆਰਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਤਨਖਾਹ ਕਟੌਤੀ ਨੂੰ ਲੈ ਸ਼ੁਰੂ ਹੋਇਆ ਸੰਘਰਸ਼ ਹੁਣ ਸਿੱਖਿਆ ਮੰਤਰੀ ਓਪੀ ਸੋਨੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਅਸਤੀਫੇ ਤੱਕ ਪਹੁੰਚ ਗਿਆ ਹੈ। ਦਰਅਸਲ ਸਿੱਖਿਆ ਮੰਤਰੀ ਨੇ ਸੰਘਰਸ਼ ਨੂੰ ਕੁਚਲਣ ਲਈ ਅਧਿਆਪਕਾਂ ਦੀਆਂ ਦੂਰ-ਦੁਰਾਡੇ ਬਦਲੀਆਂ ਕਰ ਦਿੱਤੀਆਂ। ਇਸ ਦੇ ਨਾਲ ਹੀ ਕੁਝ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ।

ਸਿੱਖਿਆ ਮਹਿਕਮੇ ਦੀ ਇਸ ਸਖਤੀ ਨੇ ਬਲਦੀ 'ਤੇ ਤੇਲ ਵਾਲਾ ਕੰਮ ਕੀਤਾ। ਹੁਣ ਅਧਿਆਪਕਾਂ ਨੇ ਹੋਰ ਮੰਗਾਂ ਦੇ ਨਾਲ-ਨਾਲ ਸਿੱਖਿਆ ਮੰਤਰੀ ਓਪੀ ਸੋਨੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੰਘਰਸ਼ ਹੋ ਤੇਜ਼ ਕਰ ਦਿੱਤਾ ਹੈ। ਸਰਕਾਰ ਲਈ ਮੁਸ਼ਕਲ ਹੋਰ ਵਧ ਗਈ ਹੈ ਕਿਉਂਕਿ ਇਹ ਸੰਘਰਸ਼ ਇਕੱਲੇ ਅਧਿਆਪਕਾਂ ਤੱਕ ਨਹੀਂ ਰਿਹਾ। ਹੁਣ ਆਮ ਆਦਮੀ ਪਾਰਟੀ ਨੇ ਵੀ ਸੰਘਰਸ਼ ਵਿੱਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਮੂਹ ਮੁਲਾਜ਼ਮ, ਕਿਸਾਨ, ਮਜ਼ਦੂਰ ਜਥੇਬੰਦੀਆਂ ਵੀ ਅਧਿਆਪਕਾਂ ਨਾਲ ਡਟ ਗਈਆਂ ਹਨ।
ਕਾਬਲੇਗੌਰ ਹੈ ਕਿ ਸਾਂਝੇ ਅਧਿਅਪਕ ਮੋਰਚੇ ਵੱਲੋਂ ਤਨਖਾਹ ਕਟੌਤੀ ਖਿਲਾਫ ਪਟਿਆਲਾ ਵਿੱਚ ਪਿਛਲੇ 26 ਦਿਨਾਂ ਤੋਂ ਪੱਕਾ ਧਰਨਾ ਲਾਇਆ ਹੋਇਆ ਹੈ।

ਅਧਿਆਪਕਾਂ ਦਾ ਦਾਆਵਾ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਤਨਖਾਹ ਕਟੌਤੀ ਲਈ 94 ਫ਼ੀਸਦੀ ਅਧਿਆਪਕਾਂ ਦੀ ਸਹਿਮਤੀ ਦਾ ਝੂਠ ਬੋਲਿਆ ਸੀ। ਪੰਜ ਨਵੰਬਰ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਵਿੱਚ ਇਸ ਦਾ ਪਰਦਾਫਾਸ਼ ਕੀਤਾ ਜਾਏਗਾ। ਇਸ ਲਈ ਮੀਟਿੰਗ ਤੋਂ ਪਹਿਲਾਂ ਮਾਹੌਲ ਨੂੰ ਤਣਾਅਪੂਰਨ ਕਰਨ ਲਈ ਧੜਾਧੜ ਅਧਿਆਪਕਾਂ ਦੀ ਦੂਰ-ਦੁਰਾਡੇ ਬਦਲੀਆਂ ਕਰ ਰਹੇ ਹਨ।

ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੂੰ ਤੁਰੰਤ ਬਰਖ਼ਾਸਤ ਕਰਕੇ ਪਟੜੀ ਤੋਂ ਉਤਰੇ ਸਿੱਖਿਆ ਵਿਭਾਗ ਨੂੰ ਮੁੜ ਲੀਹੇ ਪਾਉਣ ਲਈ ਸਰਕਾਰ ਨੂੰ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ। ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ 8886 ਐਸਐਸਏ, ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖ਼ਾਹ ਕਟੌਤੀ ਰੱਦ ਕਰਵਾ ਕੇ ਪੂਰੀਆਂ ਤਨਖ਼ਾਹਾਂ ’ਤੇ ਰੈਗੂਲਰ ਕਰਵਾਉਣ, ਸਿੱਖਿਆ ਵਿਭਾਗ ਵਿਚਲੇ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਵਾਉਣ, ਆਦਰਸ਼ ਸਕੂਲ (ਪੀ.ਪੀ.ਪੀ ਮੋਡ), ਕੰਪਿਊਟਰ ਅਧਿਆਪਕਾਂ, ਸਾਰੇ ਵਾਲੰਟੀਅਰ ਤੇ ਸਿੱਖਿਆ ਪਰੋਵਾਈਡਰਾਂ, ਆਈਈਆਰਟੀ ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਲਈ ਪੰਜਾਬ ਵਿੱਚ ਹਾਂ-ਪੱਖੀ ਮਾਹੌਲ ਸਿਰਜਿਆ ਜਾਵੇ।