ਚੰਡੀਗੜ੍ਹ: ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਅਕਾਲੀ ਦਲ ਦੀਆਂ ਮੁੜ ਮੁਸ਼ਕਲਾਂ ਵਧਾ ਸਕਦਾ ਹੈ। ਚਰਚਾ ਹੈ ਕਿ ਲੰਗਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦੇ ਕੇ ਪੰਥ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਕਾਰਵਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵੱਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਕੀਤੀ ਜਾ ਰਹੀ ਹੈ।
ਬੇਸ਼ੱਕ ਇਹ ਐਲਾਨ ਸਮੂਹ ਲਈ ਹੈ ਪਰ ਚਰਚਾ ਹੈ ਕਿ ਇਸ ਜ਼ਰੀਏ ਅਕਾਲੀ ਦਲ ਨਾਲ ਜੁੜੇ ਲੀਡਰਾਂ ਨੂੰ ਹੀ ਮੁਆਫੀ ਦਵਾਈ ਜਾ ਰਹੀ ਹੈ। ਲੰਗਾਰ ਨੇ ਇਸ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਵੀ ਲਿਖ ਦਿੱਤਾ ਹੈ। ਦੂਜੇ ਪਾਸੇ ਇਸ ਸੰਭਾਵੀ ਮਾਫੀ ਨੂੰ ਲੈ ਕੇ ਸਿੱਖਾਂ ਵਿੱਚ ਰੋਸ ਵਧ ਗਿਆ ਹੈ। ਲੰਘੇ ਦਿਨ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ਸਿੱਖ ਸੰਗਤ ਵੱਲੋਂ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਦਾ ਸਖ਼ਤ ਵਿਰੋਧ ਕੀਤਾ ਗਿਆ।
ਮਿਲੀ ਰਿਪੋਰਟ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵੱਡੀ ਗਿਣਤੀ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਪੁੱਜੀ ਹੋਈ ਸੀ। ਇਸ ਮੌਕੇ ਮੁਆਫ਼ੀ ਦੀ ਸੰਭਾਵਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਪੱਤਰ ਸੌਂਪਿਆ ਗਿਆ। ਪੱਤਰ ਵਿੱਚ ਉਨ੍ਹਾਂ ਅਪੀਲ ਕੀਤੀ ਹੈ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਬੱਜਰ ਕੁਰਹਿਤ ਤਹਿਤ ਪੰਥ ਵਿੱਚੋਂ ਛੇਕਣ ਦੀ ਲਾਈ ਸਜ਼ਾ ਨੂੰ ਮੁਆਫ਼ ਨਾ ਕੀਤਾ ਜਾਵੇ।
ਉਨ੍ਹਾਂ ਆਖਿਆ ਕਿ ਇਸ ਵਿਅਕਤੀ ਨੇ ਧਾਰਮਿਕ ਰੁਤਬੇ ’ਤੇ ਹੁੰਦਿਆਂ ‘ਪਰ ਇਸਤਰੀ ਭੋਗ’ ਜਿਹੀ ਬੱਜਰ ਕੁਰਹਿਤ ਕਰਕੇ ਸਮੁੱਚੀ ਸਿੱਖ ਕੌਮ ਨੂੰ ਸੰਸਾਰ ਭਰ ਵਿਚ ਸ਼ਰਮਿੰਦਾ ਕੀਤਾ ਹੈ। ਉਨ੍ਹਾਂ ਆਖਿਆ ਕਿ ਰਾਮ ਰਾਏ, ਧੀਰ ਮੱਲੀਏ ਤੇ ਡੇਰਾ ਸਿਰਸਾ ਵਾਂਗ ਇਸ ਨੂੰ ਵੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਇਸ ਸਬੰਧੀ ਵਾਇਰਲ ਵੀਡਿਓ ਨੂੰ ਜ਼ਰੂਰ ਦੇਖਣ।
ਉਨ੍ਹਾਂ ਨੇ ਸਗੋਂ ਇਸ ਮਾਮਲੇ ਵਿਚ ਲੰਗਾਹ ਦੇ ਕੁਝ ਹੋਰ ਸਾਥੀਆਂ ਖਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਾਲੇ ਚੋਲੇ ਪਾਏ ਹੋਏ ਸਨ ਤੇ ਕਾਲੀਆਂ ਪੱਟੀਆਂ ਵੀ ਬੰਨ੍ਹੀਆਂ ਹੋਈਆਂ ਸਨ। ਹੱਥਾਂ ਵਿੱਚ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਸ ਉਪਰ ਵੱਖ ਵੱਖ ਤਰ੍ਹਾਂ ਦੇ ਨਾਅਰੇ ਲਿਖੇ ਹੋਏ ਸਨ। ਮਿਲੇ ਵੇਰਵਿਆਂ ਮੁਤਾਬਕ ਲੰਗਾਹ ਵਾਂਗ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਵੀ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਦਾ ਵਿਰੋਧ ਹੋ ਚੁੱਕਾ ਹੈ।
ਲੰਗਾਹ ਦੀ ਮਾਫੀ ਨੇ ਪਾਏ ਪੁਆੜੇ, ਸਿੱਖ ਧਰਮ 'ਚ ‘ਪਰ ਇਸਤਰੀ ਭੋਗ’ ਬੱਜਰ ਕੁਰਹਿਤ
ਏਬੀਪੀ ਸਾਂਝਾ
Updated at:
20 Oct 2019 04:44 PM (IST)
ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਅਕਾਲੀ ਦਲ ਦੀਆਂ ਮੁੜ ਮੁਸ਼ਕਲਾਂ ਵਧਾ ਸਕਦਾ ਹੈ। ਚਰਚਾ ਹੈ ਕਿ ਲੰਗਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦੇ ਕੇ ਪੰਥ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਕਾਰਵਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵੱਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਕੀਤੀ ਜਾ ਰਹੀ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -