ਚੰਡੀਗੜ੍ਹ: ਮਾਂ ਬੋਲੀ ਪੰਜਾਬੀ ਨੂੰ ਹੱਕ ਦਿਵਾਉਣ ਲਈ ਅੱਜ ਚੰਡੀਗੜ੍ਹ ਦੇ ਸੈਕਟਰ 17 'ਚ ਪੰਜਾਬੀ ਹਤੈਸ਼ੀਆਂ ਵੱਲੋਂ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੇ ਪੱਧਰ 'ਤੇ ਪੰਜਾਬ ਤੇ ਚੰਡੀਗੜ੍ਹ ਦੇ ਲੇਖਕਾਂ, ਪ੍ਰਫੈਸਰਾਂ, ਬੁੱਧੀਜੀਵੀਆਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਹ ਸਾਰੇ ਗਵਰਨਰ ਹਾਊਸ ਤੱਕ ਰੋਸ ਮਾਰਚ ਕਰਨਾ ਚਾਹੰਦਾ ਸੀ। ਗਵਰਨਰ ਬੀਪੀ ਬਦਨੌਰ ਨੇ ਇਨ੍ਹਾਂ ਨੂੰ ਸੱਦਾ ਦੇ ਕੇ ਆਪਣੇ ਕੋਲ ਬੁਲਾ ਲਿਆ। ਇਸ ਮੌਕੇ ਬੁੱਧੀਜੀਵੀਆਂ ਨੇ ਗਵਰਨਰ ਨੂੰ ਆਪਣਾ ਪੱਤਰ ਸੌਂਪਿਆ।
ਪੰਜਾਬ ਦੇ ਮੰਨੇ-ਪ੍ਰਮੰਨੇ ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਚੰਡੀਗੜ੍ਹ ਤੇ ਪੰਜਾਬ 'ਚ ਮਾਂ ਬੋਲੀ ਨੂੰ ਉਹ ਸਤਿਕਾਰ ਨਹੀਂ ਮਿਲਿਆ ਹੈ ਜੋ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਪੰਜਾਬੀ ਨਾਲ ਵਿਸ਼ੇਸ਼ ਤੌਰ 'ਤੇ ਵਿਤਕਰਾ ਹੋ ਰਿਹਾ ਹੈ ਤੇ ਇਸੇ ਲਈ ਇਹ ਧਰਨਾ ਦਿੱਤਾ ਗਿਆ ਹੈ।
ਪਾਤਰ ਨੇ ਕਿਹਾ ਸਾਨੂੰ ਸਰਕਾਰਾਂ 'ਤੇ ਦਬਾਅ ਬਣਾਉਣ ਦੇ ਨਾਲ-ਨਾਲ ਖ਼ੁਦ ਵੀ ਬੋਲੀ ਪ੍ਰਤੀ ਚੌਕਸ ਹੋਣ ਦੀ ਲੋੜ ਹੈ। ਖ਼ਾਸ ਤੌਰ 'ਤੇ ਘਰਾਂ 'ਚ ਬੱਚਿਆਂ ਨੂੰ ਮਾਂ ਬੋਲੀ ਸਿਖਾਉਣ ਦੀ ਲੋੜ ਹੈ ਤਾਂ ਕਿ ਉਹ ਮਾਂ ਬੋਲੀ ਨੂੰ ਅਗਲੀ ਪੀੜੀ ਤੱਕ ਲਿਜਾ ਸਕਣ।
ਇਸ ਮੌਕੇ ਧਰਨੇ 'ਚ ਪੁੱਜੇ ਗਾਇਕ ਰਾਜ ਕਾਕੜਾ ਨੇ ਕਿਹਾ ਮਾਂ ਬੋਲੀ ਜ਼ਰੂਰੀ ਹੈ ਤੇ ਜੇ ਮਾਂ ਬੋਲੀ ਖ਼ਤਮ ਹੋਈ ਤਾਂ ਸਾਡੀ ਕੌਮ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਾਂ ਬੋਲੀ ਸਮੂਹ ਪੰਜਾਬੀਆਂ ਦੀ ਹੈ। ਇਸ ਨੂੰ ਕਿਸੇ ਇੱਕ ਧਰਮ ਜਾਂ ਫਿਰਕੇ ਤੱਕ ਮਹਿਦੂਦ ਨਹੀਂ ਕਰਨਾ ਚਾਹੀਦਾ।