ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਦੀ ਇੱਕ ਵਾਰ ਮੁੜ ਪੋਲ ਖੁੱਲ੍ਹੀ ਹੈ। ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਪੁਲਿਸ ਤੰਤਰ ਦੀ ਵੀ ਹੋਸ਼ ਉਡਾ ਦਿੱਤੇ ਹਨ। ਇਸ ਵੀਡੀਓ ਵਿੱਚ ਅੰਮ੍ਰਿਤਸਰ ਦੀ ਜੇਲ੍ਹ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਜਨਮ ਦਿਨ ਦੇ ਜਸ਼ਨ ਮਨਾਏ ਜਾ ਰਹੇ ਹਨ।
'ਟ੍ਰਿਬਿਊਨ' ਦੀ ਖਬਰ ਮੁਤਾਬਕ ਵਧੀਕ ਡੀਜੀਪੀ (ਜੇਲ੍ਹਾਂ) ਇਕਬਾਲਪ੍ਰੀਤ ਸਿੰਘ ਸਹੋਤਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਹੋਤਾ ਨੇ ਕਿਹਾ ਕਿ ਇਹ ਮਾਮਲਾ 4 ਜੂਨ ਦਾ ਹੈ, ਜੋ ਉਨ੍ਹਾਂ ਦੇ ਜੇਲ੍ਹ ਵਿਭਾਗ ’ਚ ਆਉਣ ਤੋਂ ਪਹਿਲਾਂ ਦਾ ਹੈ ਪਰ ਡੀਆਈਜੀ ਦੀ ਜਾਂਚ ਰਿਪੋਰਟ ’ਤੇ ਜੇਲ੍ਹ ਅਮਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਜੇਲ੍ਹ ਅੰਦਰ ਸ਼ਰੇਆਮ ਜਨਮ ਦਿਨ ਦੇ ਜਸ਼ਨ ਮਨਾਉਣ ਤੇ ਭੰਗੜੇ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਵੀਡੀਓ ’ਚ ਕੈਦੀਆਂ ਦੇ ਹੱਥਾਂ ’ਚ ਮਹਿੰਗੇ ਸਮਾਰਟਫੋਨ ਫੜ੍ਹੇ ਹੋਏ ਹਨ। ਜੇਲ੍ਹਾਂ ’ਚ ਮੋਬਾਈਲ ਫੋਨ ਦੀ ਵਰਤੋਂ ’ਤੇ ਪਾਬੰਦੀ ਹੈ ਪਰ ਇਸ ਵੀਡੀਓ ਨੇ ਸਾਰੀ ਪੋਲ ਖੋਲ੍ਹ ਦਿੱਤੀ ਹੈ।
ਪੁਲਿਸ ਰਿਪੋਰਟ ਮੁਤਾਬਕ ਸੂਬੇ ’ਚ ਗੈਂਗਸਟਰਾਂ ਦੇ ਤਕਰੀਬਨ 55 ਗਰੋਹ ਸਰਗਰਮ ਹਨ, ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ 500 ਤੋਂ ਵਧੇਰੇ ਹੈ। ਇਸ ਮੁਤਾਬਕ ਤਕਰੀਬਨ 300 ਗੈਂਗਸਟਰ ਪੁਲਿਸ ਦੀ ਗ੍ਰਿਫਤ ’ਚੋਂ ਬਾਹਰ ਹਨ। ਗੈਂਗਸਟਰਾਂ ਦੇ ਸਿਰ ’ਤੇ ਸਿਆਸੀ ਆਗੂਆਂ ਦਾ ਹੱਥ ਹੋਣ ਦੇ ਇਲਜ਼ਾਮ ਵੀ ਲੱਗਦੇ ਹਨ।