ਫ਼ਾਜ਼ਿਲਕਾ- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਲਈ ਫ਼ਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਲੋਂ ਨਸ਼ਾ ਤਸਕਰੀ ਦੇ ਇਕ ਕੇਸ ਵਿੱਚ ਸੰਮਨ ਜਾਰੀ ਕੀਤਾ ਗਿਆ ਹੈ। ਇਸ ਸੰਮਨ ਦੇ ਨਾਲ ‘ਆਪ’ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਦੀਆਂ ਮੁਸੀਬਤਾਂ ਵਿੱਚ ਵਾਧਾ ਹੋ ਗਿਆ ਹੈ।
ਜਿ਼ਕਰ ਯੋਗ ਹੈ ਕਿ ਸਾਲ 2015 ਵਿੱਚ ਫ਼ਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਇਕ ਕੇਸ ਵਿੱਚ ਫੜੇ ਦੋਸ਼ੀਆਂ ਦੇ ਓਦੋਂ ਦੇ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਦੀਆਂ ਖ਼ਬਰਾਂ ਚਰਚਿਤ ਹੋਈਆਂ ਸਨ, ਜਿਸ ਬਾਰੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਿਆਸੀ ਬਿਆਨਬਾਜ਼ੀ ਕੀਤੀ ਸੀ।
ਜਦੋਂ ਕੇਸ ਤੋਂ ਬਾਅਦ ਫ਼ੈਸਲਾ ਆਇਆ ਤਾਂ ਫ਼ਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਦੀ ਅਦਾਲਤ ਵਿੱਚ ਧਾਰਾ 319 ਦੀ ਅਰਜ਼ੀ ਵਕੀਲ ਵਲੋਂ ਦਾਇਰ ਕੀਤੀ ਗਈ, ਜਿਸ ਨੂੰ ਮਨਜ਼ੂਰ ਕਰ ਕੇ ਵਧੀਕ ਸੈਸ਼ਨ ਜੱਜ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਮੁਖੀ ਸੁਖਪਾਲ ਸਿੰਘ ਖਹਿਰਾ, ਉਸ ਦੇ ਪੀ ਐਸ ਓ ਜੋਗਾ ਸਿੰਘ, ਪੀ ਏ ਮਨੀਸ਼ ਕੁਮਾਰ, ਚਰਨਜੀਤ ਕੌਰ, ਸ਼ਿਵ ਸਿੰਘ ਵਾਸੀ ਯੂ ਕੇ ਨੂੰ ਦੋਸ਼ੀ ਵਜੋਂ ਸੰਮਨ ਜਾਰੀ ਕਰ ਦਿੱਤੇ ਹਨ। ਪੁਲਿਸ ਨੂੰ ਦੋਸ਼ੀ ਵਜੋਂ ਇਨ੍ਹਾਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।