ਰਾਮ ਰਾਹੀਮ ਦੇ ਬੇਟੇ ਵੱਲੋਂ ਡੇਰਾ ਮੁਖੀ ਬਣਨ ਤੋਂ ਸਾਫ ਇਨਕਾਰ
ਏਬੀਪੀ ਸਾਂਝਾ | 31 Oct 2017 06:35 PM (IST)
ਸਿਰਸਾ: ਬਲਾਤਕਾਰੀ ਬਾਬੇ ਰਾਮ ਰਾਹੀਮ ਦੇ ਬੇਟੇ ਜਸਮੀਤ ਇੰਸਾ ਨੇ ਡੇਰੇ ਦਾ ਉੱਤਰਾਅਧਿਕਾਰੀ ਬਣਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਸਮੀਤ ਨੇ ਕਿਹਾ ਹੈ ਕਿ ਉਹ ਗੁਰੂ ਦੀ ਗੱਦੀ ਬਾਰੇ ਸੋਚ ਵੀ ਨਹੀਂ ਸਕਦਾ। ਦਰਅਸਲ ਇਹ ਬਿਆਨ ਇਸ ਲਈ ਜਾਰੀ ਕੀਤਾ ਗਿਆ ਹੈ ਕਿ ਕਿਉਂਕਿ ਕਈ ਥਾਈਂ ਇਹ ਖ਼ਬਰ ਛਪੀ ਸੀ ਕਿ ਰਾਮ ਰਾਹੀਮ ਦੇ ਬੇਟੇ ਨੇ ਗੱਦੀ ਸੰਭਾਲ ਲਈ ਹੈ। ਡੇਰੇ ਵੱਲੋਂ ਬਿਆਨ ਜਾਰੀ ਕਰਕੇ ਜਸਮੀਤ ਇੰਸਾ ਨੇ ਕਿਹਾ ਹੈ ਕਿ ਮੈਂ ਗੱਦੀ 'ਤੇ ਬੈਠਣ ਦਾ ਇੱਛੁਕ ਨਹੀਂ ਤੇ ਫਿਲਹਾਲ ਮੈਂ ਆਪਣਾ ਕੰਮ ਜਾਰੀ ਰੱਖਾਂਗਾ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਹੀ ਡੇਰਾ ਮੁਖੀ ਹਨ ਤੇ ਉਹ ਹੀ ਰਹਿਣਗੇ। ਉਨ੍ਹਾਂ ਕਿਹਾ ਕਿ 25 ਅਗਸਤ ਦੀ ਘਟਨਾ ਬਹੁਤ ਦੁਖਦਾਈ ਸੀ ਤੇ ਮੈਂ ਪੀੜਤ ਪਰਿਵਾਰਾਂ ਦੇ ਨਾਲ ਹਾਂ। ਉਸ ਨੇ ਕਿਹਾ ਹੈ ਕਿ ਮੈਂ ਪਰਿਵਾਰਾਂ ਦੇ ਨਾਲ ਖੜ੍ਹਾ ਹਾਂ ਤੇ ਸੰਗਤ ਵੀ ਪੂਰੀ ਤਰ੍ਹਾਂ ਡੇਰੇ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨਿਰਦੋਸ਼ ਹਨ ਤੇ ਮੈਨੂੰ ਉਮੀਦ ਹੈ ਕਿ ਜਲਦ ਹੀ ਉਨ੍ਹਾਂ ਨੂੰ ਇਨਸਾਫ ਮਿਲੇਗਾ।