ਦਰਜਨ ਲੀਡਰਾਂ ਦੇ ਕਤਲ ਕਰਨ ਵਾਲੇ ਆਖਰ ਕੌਣ ਨੇ ਬੇਖੌਫ ਮੋਟਰਸਾਈਕਲ ਸਵਾਰ?
ਏਬੀਪੀ ਸਾਂਝਾ | 31 Oct 2017 03:34 PM (IST)
ਚੰਡੀਗੜ੍ਹ: ਪੰਜਾਬ ਵਿੱਚ ਸਿਆਸੀ, ਸਮਾਜਿਕ ਤੇ ਧਾਰਮਿਕ ਸੰਗਠਨਾਂ ਨਾਲ ਜੁੜੇ ਲੋਕਾਂ ਦੀਆਂ ਲਗਾਤਾਰ ਹੱਤਿਆਵਾਂ ਹੋ ਰਹੀਆਂ ਹਨ। ਇਹ ਸਾਰੀਆਂ ਹੱਤਿਆਵਾਂ ਮੋਟਰਸਾਈਕਲ ਸਵਾਰਾਂ ਨੇ ਹੀ ਕੀਤੀਆਂ ਹਨ। ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਮਿਲ ਕੇ ਵੀ ਇਹ ਗੁੱਥੀ ਨਹੀਂ ਸੁਲਝਾ ਸਕੀਆਂ ਕਿ ਆਖਰ ਇਹ ਹੱਤਿਆਵਾਂ ਕਰਨ ਵਾਲੇ ਮੋਟਰਸਾਈਕਲ ਸਵਾਰ ਕੌਣ ਹਨ? ਇਨ੍ਹਾਂ ਵਾਰਦਾਤਾਂ ਨੇ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ’ਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਹੈ। ਪੰਜਾਬ ਵਿੱਚ ਹੁਣ ਤੱਕ 8 ਤੋਂ ਵੱਧ ਵਾਰਦਾਤਾਂ ਹੋ ਚੁੱਕੀਆਂ ਹਨ। 10 ਦੇ ਕਰੀਬ ਵਿਅਕਤੀਆਂ ਦੇ ਕਤਲ ਹੋ ਚੁੱਕੇ ਹਨ। ਇਨ੍ਹਾਂ ਵਿੱਚ ਆਰ.ਐਸ.ਐਸ. ਦੇ ਦੋ ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈਂ ਤੇ ਨਾਮਧਾਰੀ ਸੰਪਰਦਾਇ ਨਾਲ ਸਬੰਧਤ ਮਾਤਾ ਚੰਦ ਕੌਰ ਵੀ ਸ਼ਾਮਲ ਹਨ। ਇਨ੍ਹਾਂ ਵਾਰਦਾਤਾਂ ਦੀ ਜਾਂਚ ਕੇਂਦਰੀ ਜਾਂਚ ਏਜੰਸੀਆਂ ਸੀਬੀਆਈ ਤੇ ਐਨਆਈਏ ਕਰ ਰਹੀਆਂ ਹਨ। ਅਜੇ ਤੱਕ ਸਾਰੀਆਂ ਏਜੰਸੀਆਂ ਦੇ ਕੁਝ ਵੀ ਹੱਥ-ਪੱਲੇ ਨਹੀਂ ਪਿਆ। ਦਰਅਸਲ ਅਗਸਤ 2016 ਵਿੱਚ ਆਰ.ਐਸ.ਐਸ. ਨੇਤਾ ਬ੍ਰਿਗੇਡੀਅਰ ਗਗਨੇਜਾ ਕਤਲ ਹੋਇਆ ਸੀ ਤਾਂ ਪੁਲਿਸ ਨੇ ਇਸ ਮਾਮਲੇ ਨੂੰ ਸਰਸਰੀ ਲਿਆ। ਉਸ ਮਗਰੋਂ ਇੱਕ ਤੋਂ ਬਾਅਦ ਇੱਕ ਕਤਲ ਹੋ ਰਹੇ ਹਨ। ਲੁਧਿਆਣਾ ਵਿੱਚ ਹੀ ਆਰਐਸਐਸ ਦੇ ਦਫ਼ਤਰ ’ਤੇ ਹਮਲਾ, ਨਾਮਧਾਰੀ ਆਗੂ ਮਾਤਾ ਚੰਦ ਕੌਰ, ਹਿੰਦੂ ਨੇਤਾ ਦੁਰਗਾ ਦਾਸ, ਅਮਿਤ ਕੁਮਾਰ, ਡੇਰਾ ਸਿਰਸਾ ਦੇ ਸ਼ਰਧਾਲੂ ਸਤਪਾਲ ਤੇ ਉਸ ਦਾ ਪੁੱਤਰ ਰਮੇਸ਼ ਕੁਮਾਰ ਤੇ ਹਾਲ ਹੀ ਵਿੱਚ ਪਾਦਰੀ ਸੁਲਤਾਨ ਮਸੀਹ ਨੂੰ ਕਤਲ ਕਰ ਦਿੱਤਾ।