ਲੁਧਿਆਣਾ: ਨਵੰਬਰ 1984 ਦੀਆਂ ਦਿਲ ਕੰਬਾਊ, ਦੁੱਖਦਾਈ ਅਤੇ ਦਹਿਸ਼ਤ ਭਰੀਆਂ ਘਟਨਾਵਾਂ ਨੂੰ ਵਾਪਰਿਆਂ ਬੇਸ਼ੱਕ ਅੱਜ 33 ਵਰ੍ਹੇ ਬੀਤ ਗਏ ਹਨ ਪਰ ਇਨ੍ਹਾਂ ਘਟਨਾਵਾਂ  ਦੇ ਕਾਲੇ ਪਰਛਾਵੇਂ ਅੱਜ ਵੀ ਪੀੜਤ ਪਰਿਵਾਰਾਂ ਦੇ ਚਿਹਰਿਆਂ 'ਤੇ ਪ੍ਰਤੱਖ ਦਿਖਾਈ ਦਿੰਦੇ ਹਨ। ਇਨ੍ਹਾਂ ਪੀੜਤਾਂ ਦੇ ਅੱਲੇ ਜ਼ਖ਼ਮ ਅੱਜ ਵੀ ਰਿਸ ਰਹੇ ਹਨ।
ਦੁੱਗਰੀ ਵਿੱਚ ਰਹਿ ਰਹੇ ਨਵੰਬਰ '84 ਦੇ ਕਈ ਪੀੜਤ ਪਰਿਵਾਰ ਆਪਣਾ ਸਭ ਕੁਝ ਗੁਆ ਕੇ ਲੁਧਿਆਣਾ ਆ ਵੱਸੇ ਹਨ। ਦੰਗਿਆਂ ਨੂੰ 33ਵਰ੍ਹੇ ਬੀਤਣ ਤੋਂ ਬਾਅਦ ਵੀ ਇਨਸਾਫ਼ ਨਾ ਮਿਲਣ 'ਤੇ ਇਨ੍ਹਾਂ ਵਿੱਚ ਸਰਕਾਰਾਂ  ਪ੍ਰਤੀ ਗੁੱਸਾ ਵੀ ਹੈ ਅਤੇ ਰੋਸ ਵੀ। ਪੀੜਤ ਪਰਿਵਾਰ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਯਾਦ ਕਰਕੇ ਜਿੱਥੇ ਉਸ ਸਮੇਂ ਸੱਤਾ 'ਚ ਰਹੀ ਕਾਂਗਰਸ ਪਾਰਟੀ ਨੂੰ ਕੋਸਦੇ ਹਨ ਉੱਥੇ ਹੀ ਆਪਣਿਆਂ ਦੀ ਕਾਰਗੁਜ਼ਾਰੀ ਤੋਂ ਵੀ ਅਸੰਤੁਸ਼ਟ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਵਾਅਦਾ ਵੀ ਵਫ਼ਾ ਨਹੀਂ ਹੋਇਆ। ਇਨਸਾਫ਼ ਲਈ ਗਠਿਤ ਕੀਤੀ ਸਿੱਟ ਵੀ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਕੁੱਝ ਪ੍ਰਾਪਤੀ ਨਹੀਂ ਕਰ ਸਕੀ ਹੈ।
ਦਿੱਲੀ ਸਮੇਤ ਦੇਸ਼ ਦੇ ਕਈ ਹੋਰ  ਹਿੱਸਿਆਂ ਵਿੱਚ '84 'ਚ ਮਨੁੱਖਤਾ ਦੇ ਕੀਤੇ ਘਾਣ ਦੇ ਕਾਲੇ ਪਰਛਾਵੇਂ ਅੱਜ ਵੀ ਇਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਯਾਦ ਹਨ। ਬਿਹਾਰ ਦੇ ਜ਼ਿਲ੍ਹਾ ਪਟਨਾ ਦੀ ਰਹਿਣ ਵਾਲੀ ਮਾਤਾ ਹਰਬੰਸ ਕੌਰ ਅਤੇ ਉਸ ਦੀ ਧੀ ਦਲੀਪ ਕੌਰ ਦੀ ਕਹਾਣੀ ਦਿਲ ਕੰਬਾਊ ਹੈ। ਹਰਬੰਸ ਕੌਰ ਦੇ 22 ਸਾਲਾ ਪੁੱਤਰ ਰਘਬੀਰ ਸਿੰਘ ਨੂੰ ਮੁਗਲ ਸਰਾਏ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਤੱਕ ਖੁਰਦ ਬੁਰਦ ਕਰ ਦਿੱਤੀ ਸੀ। ਉਹ ਦੁੱਗਰੀ ਵਿੱਚ ਆਪਣੀ ਵਿਧਵਾ ਧੀ ਦਲੀਪ ਕੌਰ ਨਾਲ ਰਹਿ ਰਹੀ ਹੈ, ਜਿਸ ਦੇ ਪਤੀ ਸੰਤੋਖ ਸਿੰਘ ਨੂੰ ਨੇਪਾਲ ਤੋਂ ਦਿੱਲੀ ਪਰਤਦਿਆਂ ਰਸਤੇ ਵਿੱਚ ਹੀ ਮਾਰ ਦਿੱਤਾ ਗਿਆ ਸੀ।  64 ਸਾਲਾ ਭੁਪਿੰਦਰ ਕੌਰ ਦੇ ਪਰਿਵਾਰ ਦੇ ਮੈਂਬਰ ਜ਼ਿੰਦਾ ਸਾੜ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਉਸ ਦਾ ਪਤੀ ਬੰਤ ਸਿੰਘ, ਦਿਓਰ ਕੁਲਵੰਤ ਸਿੰਘ, ਸ਼ਿੰਗਾਰਾ ਸਿੰਘ, ਚਾਚਾ ਮੱਘਰ ਸਿੰਘ, ਦੋਹਤਾ ਸਵਰਨ ਸਿੰਘ ਅਤੇ ਦੋ ਨਿੱਕੇ ਭਤੀਜੇ ਵੀ ਸ਼ਾਮਲ ਸਨ। ਕਾਨਪੁਰ ਤੋਂ ਇੱਥੇ ਆ ਕੇ ਵੱਸੀ ਗੁਰਮੇਲ ਕੌਰ ਦੀਆਂ ਅੱਖਾਂ ਵੀ ਰੋ-ਰੋ  ਕੇ ਖੁਸ਼ਕ ਹੋ ਗਈਆਂ ਹਨ।
ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਰਹਿੰਦੀ  ਗੁਰਦਿਆਲ ਕੌਰ ਦੇ ਦੋ ਬੱਚੇ ਕੀਰਤਨ ਕਰਦੇ ਸਨ। ਉਹ ਡਿਊਟੀ 'ਤੇ ਗਏ ਵਾਪਸ  ਹੀ ਨਹੀਂ ਪਰਤੇ ਅਤੇ ਨਾ ਹੀ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ। ਲੁਧਿਆਣਾ ਆ ਵੱਸੇ ਇਹ ਪਰਿਵਾਰ ਦੁੱਗਰੀ, ਜਮਾਲਪੁਰ ਅਤੇ ਹੈਬੋਵਾਲ ਇਲਾਕੇ ਵਿੱਚ ਰਲ-ਮਿਲ ਕੇ ਰਹਿ ਰਹੇ ਹਨ। ਬਹੁਤੇ ਪਰਿਵਾਰ ਆਟੋ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਨ ਤੋਂ ਇਲਾਵਾ ਨਿੱਕੇ-ਮੋਟੇ ਕੰਮ ਕਰਕੇ ਪਰਿਵਾਰ ਦੀ ਰੋਟੀ ਰੋਜ਼ੀ ਜੁਟਾਉਣ 'ਚ ਲੱਗੇ ਹੋਏ ਹਨ।