ਜਲੰਧਰ: ਪੈਨਸ਼ਨ  ਲਾਭਪਾਤਰੀਆਂ ਦੀ ਪੜਤਾਲ 'ਚ ਜ਼ਿਲ੍ਹਾ ਜਲੰਧਰ 'ਚ 17,457 ਜਾਅਲੀ ਲਾਭਪਾਤਰੀ ਪਾਏ ਗਏ ਹਨ। ਇਨ੍ਹਾਂ 'ਚੋਂ 7,128 ਮੁਰਦਿਆਂ ਨੂੰ ਵੀ ਸਰਕਾਰ ਵੱਲੋਂ ਪੈਨਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਸੀ। ਪੰਜਾਬ ਸਰਕਾਰ ਦੀ ਪੈਨਸ਼ਨ ਸਕੀਮ ਸਬੰਧੀ ਚੱਲ ਰਹੀ ਪੜਤਾਲ ਤੋਂ ਬਾਅਦ ਰਿਪੋਰਟ ਸਾਹਮਣੇ ਆਈ ਹੈ।
ਇਸ ਰਿਪੋਰਟ ਅਨੁਸਾਰ ਜਲੰਧਰ ਜ਼ਿਲ੍ਹੇ 'ਚ ਕੁੱਲ 1,17,487 ਪੈਨਸ਼ਨ ਲਾਭਪਾਤਰੀ ਸਨ, ਜਿਨ੍ਹਾਂ 'ਚੋਂ 1,05,343 ਲਾਭਪਾਤਰੀਆਂ ਦੀ ਪੜਤਾਲ 27 ਅਕਤੂਬਰ ਤੱਕ ਪੂਰੀ ਕਰ ਲਈ ਗਈ ਹੈ। ਇਸ ਪੜਤਾਲ 'ਚ 87,886 ਲਾਭਪਾਤਰੀ ਯੋਗ ਜਦਕਿ 17,457 ਲਾਭਪਾਤਰੀ ਅਯੋਗ ਪਾਏ ਗਏ ਹਨ। ਜਦਕਿ 12,114 ਕੇਸਾਂ ਦੀ ਜਾਂਚ ਹਾਲੇ ਕੀਤੀ ਜਾਣੀ ਬਾਕੀ ਹੈ। ਮਿਲੇ ਵੇਰਵਿਆਂ ਅਨੁਸਾਰ ਆਯੋਗ ਕਰਾਰ ਦਿੱਤੇ ਗਈ 17,457 ਪੈਨਸ਼ਰਾਂ 'ਚੋਂ 7,128 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੈਨਸ਼ਨ ਸਰਕਾਰ ਦੇ ਖਜ਼ਾਨੇ 'ਚੋਂ ਆ ਰਹੀ ਸੀ।

ਘੱਟ ਉਮਰ ਕਾਰਨ 460 ਲੋਕਾਂ ਦੀ ਪੈਨਸ਼ਨ ਬੰਦ ਕੀਤੀ ਗਈ ਹੈ। 440 ਲੋਕਾਂ ਦੀ ਵੱਧ ਆਮਦਨ ਤੇ 751 ਲੋਕਾਂ ਦੀ ਵੱਧ ਜ਼ਮੀਨ ਹੋਣ ਕਾਰਨ ਪੈਨਸ਼ਨਰਾਂ ਦੀ ਸੂਚੀ 'ਚੋਂ ਬਾਹਰ ਹੋ ਗਏ ਹਨ। ਪੈਨਸ਼ਨਰਾਂ 'ਚ 3800 ਗੈਰ-ਹਾਜ਼ਰ ਹਨ ਤੇ 3973 ਦੇ ਪਤੇ ਗਲਤ ਪਾਏ ਗਏ ਹਨ। ਹੋਰ ਕਾਰਨਾਂ ਕਰਕੇ 905 ਲੋਕਾਂ ਦੀ ਪੈਨਸ਼ਨ ਕੱਟੀ ਗਈ ਹੈ। ਹਾਲੇ ਬਾਕੀ ਪਏ ੧੨,੧੪੪ ਮਾਮਲਿਆਂ 'ਚ ਵੀ ਕਾਫੀ ਖਾਮੀਆਂ ਸਾਹਮਣੇ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।