ਲੁਧਿਆਣਾ : ਸੈਕਟਰੀ ਐਜੂਕੇਸ਼ਨ ਨੇ 25 ਅਕਤੂਬਰ ਤੋਂ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਦਾਖ਼ਲਾ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਵੀ ਆਪਣੀ ਪੋਸਟ ਬਚਾਉਣ ਲਈ ਘਰੋ-ਘਰੀਂ ਜਾ ਕੇ ਬੱਚਿਆਂ ਨੂੰ ਸਕੂਲ 'ਚ ਦਾਖ਼ਲ ਕਰਵਾਉਣ ਦੀ ਮੁਹਿੰਮ ਵਿੱਢ ਦਿੱਤੀ ਹੈ।

ਉਧਰ, ਆਂਗਨਵਾੜੀ ਸੈਂਟਰ ਖ਼ਾਲੀ ਹੋਣ ਲੱਗ ਗਏ ਹਨ, ਜਿਸ ਦੇ ਬਾਅਦ ਆਂਗਨਵਾੜੀ ਸੈਂਟਰਾਂ 'ਤੇ ਬੰਦ ਹੋਣ ਦਾ ਖ਼ਤਰਾ ਮੰਡਰਾਉਣ ਲੱਗ ਗਿਆ ਹੈ। ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਨਾਲ ਆਂਗਨਵਾੜੀ ਵਰਕਰ ਤੇ ਹੈਲਪਰ ਬੇਮਿਆਦੀ ਹੜਤਾਲ 'ਤੇ ਚਲੇ ਗਏ ਹਨ।

ਸਿੱਖਿਆ ਵਿਭਾਗ ਆਂਗਨਵਾੜੀ ਵਰਕਰਾਂ ਨੂੰ ਪ੍ਰੀ ਪ੍ਰਾਇਮਰੀ ਸਕੂਲਾਂ 'ਚ ਬੱਚਿਆਂ ਦੀ ਦੇਖਭਾਲ ਕਰਨ ਦਾ ਜ਼ਿੰਮਾ ਦੇ ਰਿਹਾ ਹੈ। ਪਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਸਰਕਾਰੀ ਸਕੂਲਾਂ 'ਚ ਮੇਡ ਬਣ ਕੇ ਕੰਮ ਕਰਨਾ ਮਨਜ਼ੂਰ ਨਹੀਂ ਹੈ। ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਬਤੌਰ ਇੰਸਟਰਕਟਰ ਨਿਯੁਕਤ ਕੀਤਾ ਹੈ ਤਾਂ ਉਹ ਮੇਡ ਦਾ ਕੰਮ ਕਿਉਂ ਕਰਨਗੇ? ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਦਾ ਕਹਿਣਾ ਹੈ ਸਿੱਖਿਆ ਵਿਭਾਗ ਦੋ ਦਿਨ ਤੋਂ ਦਿਹਾਤੀ ਖੇਤਰਾਂ 'ਚ ਆਂਗਨਵਾੜੀ ਸੈਂਟਰ ਬੰਦ ਕਰਵਾਉਣ ਦਾ ਐਲਾਨ ਕਰਵਾ ਰਿਹਾ ਹੈ, ਜਿਸ ਕਾਰਨ ਲੋਕ ਬੱਚਿਆਂ ਨੂੰ ਆਂਗਨਵਾੜੀ ਸੈਂਟਰਾਂ 'ਚ ਨਹੀਂ ਭੇਜ ਰਹੇ।

ਉਨ੍ਹਾਂ ਦੱਸਿਆ ਆਂਗਨਵਾੜੀ ਸੈਂਟਰ ਕੇਂਦਰੀ ਯੋਜਨਾ ਤਹਿਤ ਚੱਲ ਰਹੇ ਹਨ ਜਦਕਿ ਸੂਬਾ ਸਰਕਾਰ ਉਨ੍ਹਾਂ ਨੂੰ ਬੰਦ ਕਰਵਾਉਣ ਦੇ ਚੱਕਰ 'ਚ ਹੈ। ਉਨ੍ਹਾਂ ਦੀ ਯੂਨੀਅਨ ਪ੍ਰੀ ਪ੍ਰਾਇਮਰੀ ਜਮਾਤਾਂ ਖ਼ਿਲਾਫ਼ ਨਹੀਂ ਹੈ। ਕਿਉਂਕਿ ਇਹ ਕੰਮ ਆਂਗਨਵਾੜੀ ਸੈਂਟਰਾਂ 'ਚ ਚੱਲ ਰਿਹਾ ਹੈ। ਸਰਕਾਰ ਇਨ੍ਹਾਂ ਸੈਂਟਰਾਂ ਨੂੰ ਸਹੂਲਤਾਂ ਦੇਵੇ ਤੇ ਇਨ੍ਹਾਂ ਨੂੰ ਪ੍ਰੀ ਸਕੂਲ ਦੀ ਤਰਜ 'ਤੇ ਡਵੈਲਪ ਕਰੇ।

ਜਦੋਂ ਕੇਂਦਰ ਸਰਕਾਰ ਨੇ ਆਂਗਨਵਾੜੀ ਸੈਂਟਰਾਂ ਦੀ ਸਥਾਪਨਾ ਕੀਤੀ ਸੀ ਤਾਂ ਵਰਕਰਾਂ ਤੇ ਹੈਲਪਰਾਂ ਨੂੰ 6 ਛੁੱਟੀਆਂ ਸੌਂਪੀਆਂ ਸੀ, ਜਿਸ 'ਚ ਸਪਲੀਮੈਂਟਰੀ ਨਿਊਟਰੀਸ਼ਨ ਦੇਣਾ, ਪ੍ਰੀ ਸਕੂਲ, ਟੀਕਾਕਰਨ, ਹੈਲਥ ਚੈੱਕਅਪ, ਹੈਲਥ ਤੇ ਫੂਡ ਐਜੂਕੇਸ਼ਨ ਤੇ ਰੈਫਰ ਡਿਊਟੀਆਂ ਦਿੱਤੀਆਂ ਗਈਆਂ ਸੀ, ਜਿਸ 'ਚ ਸਪਲੀਮੈਂਟਰੀ ਨਿਊਟਰੀਸ਼ਨ ਤੇ ਪ੍ਰੀ ਸਕੂਲ ਨੂੰ ਛੱਡ ਕੇ ਬਾਕੀ ਚਾਰ ਐੱਨਐੱਚਆਰਐੱਮ ਨੇ ਲੈ ਲਈਆਂ। ਊਸ਼ਾ ਰਾਣੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਤੋਂ ਪ੍ਰੀ ਸਕੂਲ ਵੀ ਲੈ ਲਿਆ ਤਾਂ ਉਹ ਫੀਡ ਕਿਸ ਨੂੰ ਦੇਣਗੀਆਂ।