ਅੰਮ੍ਰਿਤਸਰ: ਜੋੜਾ ਫਾਟਕ ਹਾਦਸੇ ਦੇ ਪੀੜਤ ਪਰਿਵਾਰ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਧਰਨੇ 'ਤੇ ਬੈਠ ਗਏ। ਇਨ੍ਹਾਂ ਦਾ ਕਹਿਣਾ ਹੈ ਸਰਕਾਰ ਵੱਲੋਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਹੀ ਬੱਚਿਆਂ ਦੀ ਮੁਫਤ ਪੜ੍ਹਾਈ ਤੇ ਪਰਿਵਾਰਾਂ ਦੀ ਸਾਂਭ-ਸੰਭਾਲ ਦਾ ਵਾਅਦਾ ਕੀਤਾ ਗਿਆ ਸੀ। ਉਹ ਸਰਕਾਰ ਨੇ ਪੂਰਾ ਨਹੀਂ ਕੀਤਾ। ਇਸ ਤੋਂ ਇਲਾਵਾ ਧਰਨੇ ਵਿੱਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਮੌਤ ਹੋਈ ਪਰ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਬਹੁਤ ਬਰਦਾਸ਼ਤ ਕਰ ਚੁੱਕੇ ਹਨ। ਇੱਥੇ ਲਗਾਤਾਰ ਧਰਨਾ ਦੇਣਗੇ ਤੇ ਇਹ ਧਰਨਾ ਉਦੋਂ ਹੀ ਉਠਾਇਆ ਜਾਵੇਗਾ ਜਦੋਂ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾ ਮੈਂਬਰ ਪਾਰਲੀਮੈਂਟ ਉਨ੍ਹਾਂ ਨੂੰ ਇੱਥੇ ਆ ਕੇ ਲਿਖਤੀ ਤੌਰ 'ਤੇ ਭਰੋਸਾ ਦੇ ਕੇ ਨਹੀਂ ਜਾਂਦਾ। ਉਨ੍ਹਾਂ ਚਿਰ ਤੱਕ ਇਸ ਥਾਂ 'ਤੇ ਧਰਨਾ ਜਾਰੀ ਰਹੇਗਾ। ਇਸ ਦੇ ਨਾਲ ਹੀ ਰੇਲ ਹਾਦਸੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਯਾਦ ਰਹੇ ਪਿਛਲੇ ਸਾਲ ਦੁਸਹਿਰੇ ਵੇਲੇ ਵਾਪਰ ਹਾਦਸੇ ਵਿੱਚ ਅਨੇਕਾਂ ਲੋਕ ਮਾਰੇ ਗਏ ਸੀ। ਦੁਸਹਿਰਾ ਸਮਾਗਮ ਵਿੱਚ ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਪਹੁੰਚੇ ਸੀ। ਇਸ ਕਰਕੇ ਇਹ ਮਾਮਲਾ ਕਾਫੀ ਗਰਮਾ ਗਿਆ ਸੀ।