ਚੰਡੀਗੜ੍ਹ: ਕੈਪਟਨ ਦੇ ਇੱਕ ਹੋਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੀ ਕਸੂਤੇ ਘਿਰ ਗਏ ਹਨ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ’ਚ ਉਹ ਡੀਐਸਪੀ ਰਾਜੇਸ਼ ਛਿੱਬਰ ਨੂੰ ਆਖ ਰਹੇ ਹਨ,‘‘ਤੁਸੀਂ ਅਧਿਆਪਕਾਂ ਨੂੰ ਡੰਡੇ ਮਾਰ ਕੇ ਕਿਉਂ ਨਹੀਂ ਭਜਾਇਆ।’’ ਮੰਤਰੀ ਨੇ ਡੀਐਸਪੀ ਨੂੰ ਤਾੜਦਿਆਂ ਕਿਹਾ, ‘ਤੁਸੀਂ ਮੈਨੂੰ ਅਧਿਆਪਕਾਂ ਦੇ ਧਰਨੇ ਦੀ ਆਗਾਊਂ ਜਾਣਕਾਰੀ ਕਿਉਂ ਨਹੀਂ ਦਿੱਤੀ।’


ਸਿੱਖਿਆ ਮੰਤਰੀ ਦੇ ਇਸ ਵਤੀਰੇ ਖ਼ਿਲਾਫ਼ ਬੇਰੁਜ਼ਗਾਰ ਅਧਿਆਪਕਾਂ ’ਚ ਰੋਸ ਹੋਰ ਵੱਧ ਗਿਆ। ਹੁਣ ਕਿਸਾਨ ਤੇ ਹੋਰ ਸਮਾਜਿਕ ਜਥੇਬੰਦੀਆਂ ਵੀ ਅਧਿਆਪਕਾਂ ਨਾਲ ਡਟ ਗਈਆਂ ਹਨ। ਅੱਜ ਸੰਗਰੂਰ ਵਿੱਚ ਇਨ੍ਹਾਂ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਸਿੱਖਿਆ ਮੰਤਰੀ ਦਾ ਹੰਕਾਰ ਤੋੜਨ ਦਾ ਐਲਾਨ ਕੀਤਾ ਗਿਆ। ਉਧਰ ਆਮ ਆਦਮੀ ਪਾਰਟੀ ਵੀ ਅਧਿਆਪਕਾਂ ਨਾਲ ਡਟ ਗਈ ਹੈ ਪਾਰਟੀ ਦੇ ਪੰਸਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।


ਸੰਗਰੂਰ ਤੋਂ ਹੀ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਸਮਾਜ ਤੇ ਸੱਭਿਆਚਾਰ 'ਚ ਅਧਿਆਪਕ ਦਾ ਰੁਤਬਾ ਬੇਹੱਦ ਸਨਮਾਨਯੋਗ ਹੈ। ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ, ਪਰ ਜੇ ਸੂਬੇ ਦਾ ਸਿੱਖਿਆ ਮੰਤਰੀ ਹੀ ਅਧਿਆਪਕਾਂ ਨੂੰ ਭੱਦੀਆਂ ਗਾਲ੍ਹਾਂ ਕੱਢਦਾ ਹੈ ਤੇ ਪੁਲਿਸ ਨੂੰ ਡਾਂਗਾਂ ਚਲਾਉਣ ਦਾ ਹੁਕਮ ਦਿੰਦਾ ਹੈ ਤਾਂ ਪੰਜਾਬ ਅਜਿਹੇ ਬਦਜ਼ਬਾਨ ਸਿੱਖਿਆ ਮੰਤਰੀ ਨੂੰ ਬਰਦਾਸ਼ਤ ਨਹੀਂ ਕਰੇਗਾ। ਇਸ ਲਈ ਮੁੱਖ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮੰਤਰੀ ਮੰਡਲ 'ਚ ਤੁਰੰਤ ਬਰਖ਼ਾਸਤ ਕਰਕੇ ਕਿਸੇ ਯੋਗ ਤੇ ਸਿਆਣੇ ਆਗੂ ਨੂੰ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪਣ, ਜੋ ਅਧਿਆਪਕ ਦਾ ਸਨਮਾਨ ਬਹਾਲ ਕਰਨ ਤੇ ਯੋਗ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਦਾ ਮਾਦਾ ਰੱਖਦਾ ਹੋਵੇ।


ਮਾਨ ਨੇ ਕਿਹਾ, ''ਮੈਂ ਇੱਕ ਅਧਿਆਪਕ ਦਾ ਬੇਟਾ ਹਾਂ। ਸਰਕਾਰਾਂ ਤੇ ਸਮਾਜ ਵੱਲੋਂ ਅਧਿਆਪਕ ਨੂੰ ਦਿੱਤੇ ਜਾਣ ਵਾਲੇ ਸਤਿਕਾਰ ਦੀ ਅਹਿਮੀਅਤ ਮਨੋਵਿਗਿਆਨਕ ਤੌਰ 'ਤੇ ਚੰਗੀ ਤਰਾਂ ਸਮਝਦਾ ਹਾਂ। ਜੇਕਰ ਅਧਿਆਪਕ ਗਾਲ੍ਹਾਂ ਤੇ ਡਾਂਗਾਂ ਖਾ ਕੇ ਨੌਕਰੀਆਂ ਲੈਣਗੇ ਜਾਂ ਕਰਨਗੇ ਤਾਂ ਉਨ੍ਹਾਂ ਤੋਂ ਦੇਸ਼ ਦੇ ਅੱਛੇ ਨਿਰਮਾਤਾ ਬਣਨ ਦੀ ਆਸ ਕਰਨਾ ਬੇਮਾਨਾ ਹੋਵੇਗੀ।'' ਭਗਵੰਤ ਮਾਨ ਨੇ ਕਿਹਾ ਕਿ ਉਹ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕ ਵਰਗ ਨਾਲ ਕੀਤੇ ਭੱਦੇ ਵਿਵਹਾਰ ਦਾ ਮੁੱਦਾ ਪਾਰਲੀਮੈਂਟ 'ਚ ਚੁੱਕਣਗੇ।

Education Loan Information:

Calculate Education Loan EMI