ਬਠਿੰਡਾ ਵਿੱਚ ਰੋਸ ਧਰਨਿਆਂ ਦਾ ਜ਼ੋਰ
ਏਬੀਪੀ ਸਾਂਝਾ | 11 Nov 2016 05:01 PM (IST)
ਬਠਿੰਡਾ: ਅੱਜ ਬਠਿੰਡਾ ਵਿੱਚ ਧਰਨਿਆਂ ਦਾ ਜ਼ੋਰ ਰਿਹਾ। ਬਠਿੰਡਾ ਥਰਮਲ ਪਲਾਂਟ ਦੇ ਠੇਕੇ 'ਤੇ ਰੱਖੇ ਮਜ਼ਦੂਰਾਂ ਨੂੰ ਕੱਢੇ ਜਾਣ ਦੇ ਵਿਰੋਧ ਵਿੱਚ ਇੰਪਲਾਈਜ਼ ਜੁਆਇੰਟ ਫੋਰਮ ਵੱਲੋਂ ਝੀਲਾਂ ਕੋਲ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨਾਕਾਰੀਆਂ ਦੀ ਮੰਗ ਸੀ ਕਿ ਸਰਕਾਰ ਥਰਮਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਏ ਤੇ ਕੱਢੇ ਗਏ ਕਰਮਚਾਰੀਆਂ ਨੂੰ ਵਾਪਸ ਨੌਕਰੀ 'ਤੇ ਰੱਖਿਆ ਜਾਵੇ। ਉੱਧਰ, ਕੇਂਦਰੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਘਰ ਦੇ ਬਾਹਰ ਆਂਗਨਵਾੜੀ ਵਰਕਰਾਂ ਦਾ ਚੱਲ ਰਿਹਾ ਧਰਨਾ 5ਵੇਂ ਦਿਨ 'ਚ ਦਾਖਲ ਹੋ ਗਿਆ। ਆਂਗਨਵਾੜੀ ਵਰਕਰਾਂ ਨੇ ਪੀਪਾ ਕੁੱਟ ਹੜਤਾਲ ਕਰਦਿਆਂ ਮੰਤਰੀ ਦੇ ਗੇਟ ਦੇ ਬਾਹਰ ਬਹਿ ਕੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦਾ ਸ਼ਿਕਵਾ ਸੀ ਕਿ ਇੰਨੇ ਦਿਨ ਬੀਤਣ ਦੇ ਬਾਵਜ਼ੂਦ ਨਾ ਮੰਤਰੀ ਆਏ ਤੇ ਨਾ ਹੀ ਕੋਈ ਹੋਰ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਆਇਆ। ਇਸੇ ਤਰ੍ਹਾਂ ਸ਼ਹਿਰ ਦੀਆਂ ਤਿੰਨ ਕਲੌਨੀਆਂ ਪਟੇਲ ਨਗਰ, ਗਰੀਨ ਅਵੈਨਿਊ ਤੇ ਟੈਗੋਰ ਨਗਰ ਦੇ ਵਾਸੀਆਂ ਵੱਲੋਂ ਸਾਂਝੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਇੰਪਰੂਵਮੈਂਟ ਟਰੱਸਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ। ਕਲੌਨੀ ਵਾਸੀਆਂ ਦਾ ਕਹਿਣਾ ਹੈ ਕਿ ਟਰੱਸਟ ਨੇ ਬਹੁਤ ਹੀ ਗਲਤ ਤਰੀਕੇ ਨਾਲ ਨੋਟਿਸ ਭੇਜਿਆ ਜੋ ਬਿਲਕੁਲ ਨਾਜ਼ਾਇਜ ਹੈ।