ਚੰਡੀਗੜ੍ਹ: ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਸਾਹਿਬਾਨ, 15 ਭਗਤਾਂ ਸਮੇਤ 36 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। 15 ਭਗਤਾਂ ਵਿੱਚੋਂ ਇੱਕ ਭਗਤ ਨਾਮਦੇਵ ਜੀ ਹੋਏ ਹਨ, ਜਿਨ੍ਹਾਂ ਨੇ ਆਪਣੀ ਬਾਣੀ ਤੇ ਆਪਣੇ ਜੀਵਨ ਢੰਗ ਜ਼ਰੀਏ ਇੱਕ ਅਕਾਲ ਪੁਰਖ, ਬਰਾਬਰਤਾ, ਕਰਮਕਾਂਡਾਂ ਤੇ ਵਹਿਮਾਂ-ਭਰਮਾਂ ਤੋਂ ਬਚਣ ਦਾ ਸੰਦੇਸ਼ ਦਿੱਤਾ।
ਅੱਜ ਭਗਤ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਅੰਮ੍ਰਿਤਸਰ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ। ਪੂਰਾ ਦਿਨ ਇਲਾਹੀ ਬਾਣੀ ਦਾ ਕੀਰਤਨ ਪ੍ਰਵਾਹ ਸੰਗਤ ਸਰਵਣ ਕਰ ਸਕਦੀ ਹੈ। ਭਗਤ ਨਾਮਦੇਵ ਜੀ ਦਾ ਜਨਮ ਮਹਾਂਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਕ੍ਰਿਸ਼ਨਾ ਨਦੀ ਦੇ ਕੰਢੇ ਵਸੇ ਪਿੰਡ ਨਰਸੀ ਬਾਮਨੀ ਵਿੱਚ 1270 ਨੂੰ ਹੋਇਆ ਦੱਸਿਆ ਜਾਂਦਾ ਹੈ।
ਆਪ ਜੀ ਦੇ ਪਿਤਾ ਦਾ ਨਾਂ ਦਾਮਾਸੇਟੀ ਤੇ ਮਾਤਾ ਦਾ ਨਾਂ ਗੋਨਾ ਬਾਈ ਸੀ। ਭਗਤ ਜੀ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਹੋਏ ਹਨ। ਆਪ ਜੀ ਨੇ ਮਰਾਠੀ ਦੇ ਨਾਲ-ਨਾਲ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। ਭਗਤ ਨਾਮਦੇਵ ਨੇ 18 ਸਾਲਾਂ ਤੱਕ ਪੰਜਾਬ ਵਿੱਚ ਰਹਿੰਦਿਆਂ ਅਕਾਲ ਦੀ ਭਗਤੀ ਦਾ ਪ੍ਰਚਾਰ ਕੀਤਾ। ਭਗਤ ਨਾਮਦੇਵ ਜੀ ਦੀ ਵਿਚਾਰਧਾਰਾ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਮਿਲਦੀ ਹੋਣ ਕਰਕੇ ਹੀ ਸ੍ਰੀ ਗੁਰੂ ਅਰਜਨ ਸਾਹਿਬ ਨੇ ਆਪ ਜੀ ਦੀ ਬਾਣੀ ਨੂੰ ਬੜੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ।
ਭਗਤ ਨਾਮਦੇਵ ਜੀ ਨੇ ਉਸ ਅਕਾਲ ਪੁਰਖ ਨੂੰ ਭਾਵੇਂ ਕਈ ਨਾਂ ਜਿਵੇਂ ਕਿ ਹਰਿ, ਗੋਬਿੰਦੁ, ਬੀਠੁਲ, ਰਾਮ, ਆਦਿ ਨਾਲ ਆਪਣੀ ਬਾਣੀ ਵਿੱਚ ਸੰਬੋਧਨ ਕੀਤਾ ਹੈ, ਪਰ ਨਾਲ ਦੀ ਨਾਲ ਹਰੇਕ ਸਬਦ ਵਿੱਚ ਪੂਰੀ ਤਰ੍ਹਾਂ ਸਪੱਸ਼ਟ ਕਰਦੇ ਰਹੇ ਕਿ ਉਹ ਸਿਰਫ ਸਰਬ ਵਿਆਪਕ, ਸਾਰਿਆਂ ਵਿੱਚ ਸਮਾਏ ਹੋਏ, ਉਸ ਅਕਾਲ ਪੁਰਖ ਦੇ ਸੇਵਕ ਹਨ ਤੇ ਸਬਦ ਗੁਰੂ ਦੇ ਪੁਜਾਰੀ ਸਨ।
ਜੇ ਕਰ ਭਗਤ ਨਾਮਦੇਵ ਜੀ ਦੀਆਂ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ ਨੂੰ ਇਕੱਠਾ ਕਰੀਏ ਤਾਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਕੋਈ ਕਰਾਮਾਤ ਨਹੀਂ ਕੀਤੀ ਤੇ ਨਾ ਹੀ ਕਿਸੇ ਕਰਮ ਕਾਂਡ ਨੂੰ ਪ੍ਰਵਾਨ ਕੀਤਾ ਹੈ। ਉਨ੍ਹਾਂ ਨੇ ਸਿਰਫ ਇੱਕ ਅਕਾਲ ਪੁਰਖ ਪ੍ਰਚਾਰ ਕੀਤਾ ਹੈ ਜੋ ਕਿ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਆਪਣੇ ਸਬਦਾਂ ਰਾਹੀਂ ਕੀਤਾ ਹੈ:-
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥ ੧॥ ਰਹਾਉ॥ (੪੮੫)
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥ ੧॥ ਰਹਾਉ॥
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥ ੧॥ ਰਹਾਉ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ ੪॥ ੩॥ ੭॥