ਬਠਿੰਡਾ: ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੱਦੇ 'ਤੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਬਠਿੰਡਾ ਜ਼ਿਲ੍ਹੇ ਅੰਦਰ ਪੈਂਦੀਆਂ ਨੌਂ ਯੂਨੀਅਨਾਂ ਦੇ ਟਰੱਕ ਅਪਰੇਟਰਾਂ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਨਾਲ ਰਲੀ ਹੋਈ ਹੈ। ਇਸ ਕਰਕੇ ਟਰੱਕ ਅਪਰੇਟਰਾਂ ਨੂੰ ਜੜੋਂ ਖ਼ਤਮ ਕਰਨ ਵਾਲੀਆਂ ਢੋਆ ਢੁਆਈ ਦੀਆਂ ਪਾਲਿਸੀਆਂ ਬਣਾ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਤਕਰੀਬਨ 93 ਹਜ਼ਾਰ ਟਰੱਕ ਅਪਰੇਟਰ ਹਨ ਤੇ 1 ਲੱਖ 33 ਹਜਾਰ ਦੇ ਕਰੀਬ ਕਮਰਸ਼ੀਅਲ ਵਾਹਨ ਹਨ। ਹਰ ਟਰੱਕ ਅਪਰੇਟਰ ਨਾਲ ਸਿੱਧੇ ਤੌਰ 'ਤੇ 10 ਲੋਕ ਜੁੜੇ ਹੋਏ ਹਨ। ਸਰਕਾਰ ਦੀ ਮਾਰ ਇਨ੍ਹਾਂ ਸਾਰਿਆਂ 'ਤੇ ਪੈਂਦੀ ਹੈ। ਟਰੱਕ ਯੂਨੀਅਨਾਂ ਨੂੰ ਖ਼ਤਮ ਕਰਕੇ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਨਵੀਆਂ ਪਾਲਸੀਆਂ ਕਾਰਨ ਟਰੱਕ ਓਪਰੇਟਰਾਂ ਦਾ ਧੰਦਾ ਬਿਲਕੁਲ ਠੱਪ ਹੋ ਗਿਆ ਹੈ। ਟਰੱਕ ਅਪਰੇਟਰਾਂ ਨੇ ਕਿਹਾ ਕਿ ਕਿਸਾਨੀ ਤੋਂ ਬਾਅਦ ਟਰਾਂਸਪੋਰਟ ਦੂਜਾ ਵੱਡਾ ਲਾਹੇਵੰਦ ਧੰਦਾ ਹੈ ਪਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੁਣ ਕਿਸਾਨਾਂ ਦੀ ਤਰ੍ਹਾਂ ਟਰੱਕ ਅਪਰੇਟਰ ਵੀ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਹੋ ਰਿਹਾ ਹੈ।