ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਸੀਬੀਆਂ ਦੇ ਪ੍ਰਾਇਮਰੀ ਸਕੂਲ ਨੂੰ ਪਿੰਡ ਵਾਸੀਆਂ ਨੇ ਜਿੰਦਾ ਲਾ ਦਿੱਤਾ ਹੈ। ਪਿੰਡ ਵਾਲੇ ਸਕੂਲ ਦੇ ਮੁੱਖ ਅਧਿਆਪਕ ਦੀ ਬਦਲੀ ਤੋਂ ਔਖੇ ਹਨ। ਮੁੱਖ ਅਧਿਆਪਕ ਦੀ ਬਦਲੀ ਹੋਣ ਦੇ ਵਿਰੋਧ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਨੂੰ ਜਿੰਦਾ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੁੱਖ ਅਧਿਆਪਕ ਦੀ ਬਦਲੀ ਰੱਦ ਕਰਨ ਦੀ ਮੰਗ ਕੀਤੀ ਹੈ।

ਪਿੰਡ ਵਾਸੀਆਂ ਨੇ ਅੱਜ ਸਵੇਰੇ ਹੀ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਲਾ ਦਿੱਤਾ। ਇਸ ਕਾਰਨ ਅਧਿਆਪਕ ਦੇ ਬੱਚੇ ਸਕੂਲ ਅੰਦਰ ਦਾਖਲ ਨਹੀਂ ਹੋ ਸਕੇ। ਇਸ ਦਾ ਪਤਾ ਚੱਲਦੇ ਹੀ ਤਹਿਸੀਲਦਾਰ ਕੋਟਕਪੂਰਾ, ਮੁੱਖ ਅਫਸਰ ਥਾਣਾ ਬਾਜਾਖਾਨਾ ਸੁਨੀਲ ਕੁਮਾਰ ਤੇ ਬਲਾਕ ਸਿਖਿਆ ਅਫ਼ਸਰ ਮਹਿੰਦਰ ਕੌਰ ਮੌਕੇ 'ਤੇ ਪਹੁੰਚੇ ਤੇ ਪਿੰਡ ਵਾਲਿਆਂ ਨੂੰ ਸ਼ਾਂਤ ਕਰ ਸਕੂਲ ਦਾ ਗੇਟ ਖੁੱਲ੍ਹਵਾਇਆ।

ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਮੁੱਖ ਅਧਿਆਪਕ ਪ੍ਰਤਾਪ ਸਿੰਘ ਦੀ ਬਦਲੀ ਨਾਜਾਇਜ਼ ਤੌਰ 'ਤੇ ਕੀਤੀ ਗਈ ਹੈ। ਉਸ ਨੂੰ ਤੁਰੰਤ ਰੱਦ ਕਰਵਾਉਣ ਲਈ ਉਨ੍ਹਾਂ ਵੱਲੋਂ ਅੱਜ ਸਕੂਲ ਦੇ ਗੇਟ ਨੂੰ ਜਿੰਦਰਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਅਧਿਆਪਕ ਦੀ ਅਗਵਾਈ ਵਿੱਚ ਸਕੂਲ ਦੇ ਬੱਚੇ ਤਰੱਕੀ ਕਰ ਰਹੇ ਹਨ ਤੇ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਅਧਿਆਪਕ ਪ੍ਰਤਾਪ ਸਿੰਘ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ।

ਇਸ ਮੌਕੇ ਪਹੁੰਚੇ ਬਲਾਕ ਸਿਖਿਆ ਅਫ਼ਸਰ ਮਹਿੰਦਰ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਅੱਜ ਮੁੱਖ ਅਧਿਆਪਕ ਪ੍ਰਤਾਪ ਸਿੰਘ ਦੀ ਬਦਲੀ ਦੇ ਵਿਰੋਧ ਵਿੱਚ ਸਕੂਲ ਦਾ ਗੇਟ ਬੰਦ ਕੀਤਾ ਗਿਆ ਸੀ। ਪਿੰਡ ਵਾਸੀਆਂ ਨੂੰ ਸਮਝਾ ਕੇ ਗੇਟ ਖੁੱਲ੍ਹਵਾ ਦਿੱਤਾ ਗਿਆ ਹੈ। ਇਨ੍ਹਾਂ ਵੱਲੋਂ ਇੱਕ ਦਰਖ਼ਾਸਤ ਬਦਲੀ ਰੱਦ ਕਰਨ ਬਾਰੇ ਦਿੱਤੀ ਗਈ ਹੈ ਜਿਸ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ।