ਚੰਡੀਗੜ੍ਹ: ਸੰਗਰੂਰ ਵਿੱਚ ਜੱਟ-ਸੀਰੀ (ਖੇਤ ਮਜ਼ਦੂਰ) ਦੇ ਰਿਸ਼ਤੇ ਦਾ ਦਰਦਨਾਕ ਸੱਚ ਸਾਹਮਣੇ ਆਇਆ ਹੈ। ਪਿੰਡ ਜ਼ਲੂਰ ਦੇ ਸੀਰੀ ਨੂੰ ਆਪਣੇ ਮਾਲਕ ਜਿਮੀਂਦਾਰ ਨੂੰ ਦੱਸੇ ਬਿਨਾ ਗੁਆਂਢ ਵਿੱਚ ਵਿਆਹ ਜਾਣਾ ਮਹਿੰਗਾ ਪੈ ਗਿਆ। ਇਸ ਗੱਲ ਤੋਂ ਖ਼ਫਾ ਜਿਮੀਂਦਾਰ ਨਿਰਮਲ ਸਿੰਘ ਤੇ ਉਸ ਦੀ ਪਤਨੀ ਨੇ ਸੀਰੀ ਨੂੰ ਜ਼ਲੀਲ ਤੇ ਕੁੱਟਮਾਰ ਕੀਤੀ। ਇਸ ਤੋਂ ਦੁਖੀ ਹੋ ਕੇ ਨੌਜਵਾਨ ਸੀਰੀ ਗੁਰਪ੍ਰੀਤ ਸਿੰਘ ਉਰਫ਼ ਬੂਟਾ (32) ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇੰਨਾ ਹੀ ਨਹੀਂ ਉਨ੍ਹਾਂ ਨੇ ਮਜ਼ਦੂਰ ਨੂੰ ਹਸਪਤਾਲ ਲਿਜਾਣ ਲਈ ਆਪਣੀ ਗੱਡੀ ਦੇਣ ਤੋਂ ਵੀ ਨਾਂਹ ਕਰ ਦਿੱਤੀ।
ਸਿਵਲ ਹਸਪਤਾਲ ’ਚ ਜਸਵੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜਲੂਰ ਨੇ ਦੱਸਿਆ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ ਉਰਫ਼ ਬੂਟਾ (32) ਪਿੰਡ ਦੇ ਜਿਮੀਂਦਾਰ ਨਿਰਮਲ ਸਿੰਘ ਨਾਲ ਨੌਂ ਮਹੀਨਿਆਂ ਤੋਂ ਸੀਰੀ ਰਲਿਆ ਹੋਇਆ ਸੀ। ਪਿੰਡ ਵਿੱਚ ਵਿਆਹ ਹੋਣ ਕਾਰਨ ਉਹ ਕੰਮ ਤੋਂ ਦੋ ਘੰਟੇ ਲੇਟ ਹੋ ਗਿਆ ਸੀ। ਇਸ ਕਾਰਨ ਨਿਰਮਲ ਸਿੰਘ ਦੀ ਪਤਨੀ ਨੇ ਉਨ੍ਹਾਂ ਦੇ ਘਰ ਆ ਕੇ ਜਲੀਲ ਕੀਤਾ ਤੇ ਘਰ ਲਿਜਾ ਕੇ ਉਸ ਦੀ ਕੁੱਟਮਾਰ ਵੀ ਕੀਤੀ। ਬਾਅਦ ’ਚ ਉਸ ਨੂੰ ਖੇਤ ਲਿਜਾ ਕੇ ਧਮਕੀਆਂ ਦਿੱਤੀਆਂ। ਇਸ ਕਾਰਨ ਪ੍ਰੇਸ਼ਾਨ ਹੋਏ ਉਸ ਦੇ ਭਰਾ ਨੇ ਖੇਤ ’ਚ ਕੀਟਨਾਸ਼ਕ ਨਿਗਲ ਲਈ। ਇਸ ਤੋਂ ਬਾਅਦ ਨਿਰਮਲ ਸਿੰਘ ਹੋਰੀਂ ਉਸ ਦੇ ਭਰਾ ਨੂੰ ਪਿੰਡ ਦੀ ਧਰਮਸ਼ਾਲਾ ਨੇੜੇ ਛੱਡ ਗਏ।
ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਘਰ ਆ ਕੇ ਸਾਰੀ ਘਟਨਾ ਬਾਰੇ ਦੱਸਿਆ। ਉਹ ਤੁਰੰਤ ਨਿਰਮਲ ਸਿੰਘ ਕੋਲ ਗਿਆ ਤੇ ਗੁਰਪ੍ਰੀਤ ਨੂੰ ਹਸਪਤਾਲ ਲਿਜਾਣ ਵਾਸਤੇ ਗੱਡੀ ਮੰਗੀ ਪਰ ਉਨ੍ਹਾਂ ਨੇ ਗੱਡੀ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ’ਚ ਉਹ ਆਪਣੇ ਭਰਾ ਨੂੰ ਲਹਿਰਾਗਾਗਾ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ, ਸੰਗਰੂਰ ਲਈ ਰੈਫਰ ਕਰ ਦਿੱਤਾ, ਜਿੱਥੇ ਕੱਲ੍ਹ ਰਾਤ ਉਸ ਦੀ ਮੌਤ ਹੋ ਗਈ।
ਥਾਣਾ ਲਹਿਰਾਗਾਗਾ ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਜ਼ਿਮੀਂਦਾਰ ਨਿਰਮਲ ਸਿੰਘ, ਉਸ ਦੇ ਪਿਤਾ ਕਿਰਪਾਲ ਸਿੰਘ, ਪਤਨੀ ਮਲਕੀਤ ਕੌਰ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਧਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਤੇ ਬਲਵੀਰ ਜਲੂਰ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਸੀਰੀ ਰਲਦੇ ਮਜ਼ਦੂਰਾਂ ਦੇ ਕੰਮ ਦਾ ਸਮਾਂ ਤੈਅ ਹੋਣਾ ਚਾਹੀਦਾ ਹੈ ਤੇ ਮਹੀਨੇ ’ਚ ਚਾਰ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ।
ਜ਼ਿਕਰਯੋਗ ਹੈ ਜ਼ਲੂਰ ਪਿੰਡ ਵਿੱਚ ਪਹਿਲਾਂ ਹੀ ਮਜ਼ਦੂਰ ਧਨਾਢ ਕਿਸਾਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਮਜ਼ਦੂਰਾਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਕਿਸਾਨ ਦਲਿਤਾਂ ਦੇ ਹੱਕ ਦੀ ਜ਼ਮੀਨ ਵਾਹ ਰਹੇ ਹਨ। ਇਸ ਸੰਘਰਸ਼ ਵਿੱਚ ਇੱਕ ਦਲਿਤ ਔਰਤ ਗੁਰਦੇਵ ਕੌਰ ਦੀ ਮੌਤ ਹੋ ਚੁੱਕੀ ਹੈ।