ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਝੰਡੇ ਹੇਠ ਮੁਫਤ ਵਿੱਚ ਆਲੂ ਵੰਡੇ। ਕਿਸਾਨਾਂ ਦਾ ਦੁਖ ਬਿਆਨ ਕਰਦਿਆਂ 'ਆਪ' ਆਗੂਆਂ ਨੇ ਜਿੱਥੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਆਲੂ ਵੰਡ ਕੇ ਸੁੱਤੀ ਸਰਕਾਰ ਨੂੰ ਜਗਾਉਣ ਦਾ ਹੀਲਾ ਕੀਤਾ, ਉੱਥੇ ਮਹਿੰਗੇ ਭਾਅ ਵਿਕ ਰਹੇ ਚਿਪਸ ਦਾ ਹਵਾਲਾ ਦਿੰਦਿਆਂ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਦੋਹਰੀ ਨੀਤੀ ਤੋਂ ਬਾਹਰ ਨਿਕਲਣ ਦੀ ਦੁਹਾਈ ਦਿੱਤੀ।


ਫਿਰੋਜ਼ਪੁਰ ਦੀ ਮਿੰਨੀ ਸੈਕਟਰੀਏਟ ਮੂਹਰੇ ਆਲੂ ਵੰਡ ਰਹੇ 'ਆਪ' ਆਗੂਆਂ ਨੇ ਕਿਹਾ ਕਿ ਕਿਸਾਨ ਨੂੰ ਆਲੂ ਦਾ ਭਾਅ ਚਵਾਨੀ ਵੀ ਨਹੀਂ ਮਿਲ ਰਿਹਾ, ਜਦੋਂਕਿ ਮਹਿਜ਼ ਅੱਧੇ ਆਲੂ ਵਾਲਾ ਚਿਪਸ 10 ਰੁਪਏ ਵਿੱਚ ਵਿਕ ਰਿਹਾ ਹੈ। ਇਸ ਮੌਕੇ ਟਰਾਲੀਆਂ ਵਿੱਚ ਲੱਦੇ ਆਲੂ ਦਾ ਭਾਅ ਮਹਿਜ਼ 25 ਪੈਸੇ ਵੀ ਨਾ ਮਿਲਣ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਵੀ 'ਆਪ' ਨੂੰ ਆਲੂ ਵੰਡਣ ਦੀ ਸਹਿਮਤੀ ਦਿੱਤੀ।

ਮਿੰਨੀ ਸੈਕਟਰੀਏਟ ਬਾਹਰ ਵਿਖਾਵਾ ਕਰਦਿਆਂ ਮੁਫਤ ਆਲੂ ਵੰਡਦਿਆਂ ਜਿੱਥੇ 'ਆਪ' ਆਗੂਆਂ ਨੇ ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣ ਦੀ ਗੁਹਾਰ ਲਾਈ, ਉੱਥੇ ਮਹਿਜ਼ ਅੱਧੇ ਆਲੂ ਤੋਂ ਬਣੇ ਚਿਪਸ ਦੇ ਅਸਮਾਨੀ ਚੜ੍ਹੇ ਰੇਟ `ਤੇ ਵੀ ਨਜ਼ਰਸਾਨੀ ਕਰਨ ਦੀ ਗੁਹਾਰ ਲਾਈ। 'ਆਪ' ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਮਹੀਨਿਆਂਬੱਧੀ ਮਿਹਨਤ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਤਾਂ ਕੀ ਲਾਗਤ ਵੀ ਦਿਵਾਉਣ ਵਿੱਚ ਫਾਡੀ ਸਾਬਤ ਹੋ ਰਹੀ ਹੈ।

ਆਲੂਆਂ ਦਾ ਸਹੀ ਭਾਅ ਨਾ ਮਿਲਣ ਕਰਕੇ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਕਿਹਾ ਕਿ ਮੰਡੀਕਰਨ ਸਹੀ ਨਾ ਹੋਣ ਕਰਕੇ ਜਿੱਥੇ ਕਿਸਾਨਾਂ ਨੂੰ ਕਿਸੇ ਵੀ ਫਸਲ ਦਾ ਸਹੀ ਮੁੱਲ ਨਹੀਂ ਮਿਲਦਾ, ਉੱਥੇ ਆਲੂ ਕੌਡੀਆਂ ਮਤਲਬ ਇੱਕ ਰੁਪਏ ਵਿੱਚ 4 ਕਿਲੋ ਵਿਕ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਕਿਸਾਨਾਂ ਨੇ ਮੰਗ ਕੀਤੀ ਕਿ ਸਹੀ ਮੰਡੀਕਰਨ ਦੇ ਨਾਲ-ਨਾਲ ਕਿਸਾਨਾਂ ਦੀ ਸਾਰ ਲਈ ਜਾਵੇ ਤਾਂ ਜੋ ਖੁਦਕਸ਼ੀਆਂ ਦੇ ਰਾਹ ਤੁਰੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।

ਦੂਜੇ ਪਾਸੇ ਮੁਫਤ ਵਿੱਚ ਮਿਲ ਰਹੇ ਆਲੂ ਲੈ ਰਹੇ ਆਮ ਲੋਕਾਂ ਨੇ ਜਿੱਥੇ ਇਸ ਨਾਲ ਰਾਹਤ ਮਿਲਣ ਦੀ ਗੱਲ ਕੀਤੀ, ਉੱਥੇ ਆਲੂ ਦਾ ਸਹੀ ਭਾਅ ਮਿਥਣ ਦੀ ਵੀ ਗੱਲ ਕੀਤੀ। ਲੋਕਾਂ ਨੇ ਕਿਹਾ ਕਿ ਕਿਸਾਨਾਂ ਤੋਂ 25 ਪੈਸੇ ਕਿਲੋ ਆਲੂ ਖਰੀਦ ਕੇ ਵਪਾਰੀ 10 ਰੁਪਏ ਕਿਲੋ ਵੇਚ ਰਿਹਾ ਹੈ, ਜਦੋਂਕਿ ਕਿਸਾਨ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ।