ਚੰਡੀਗੜ੍ਹ : ਪਾਕਿਸਤਾਨ ਦੀ ਸਰਹੱਦ 'ਤੇ ਤਾਇਨਾਤ ਮੈਡੀਕਲ ਅਧਿਕਾਰੀ ਨੇ ਭਾਰਤ ਵੱਲੋਂ ਭੇਜੇ ਗਏ ਟਮਾਟਰਾਂ ਦੇ ਨਮੂਨੇ ਫੇਲ੍ਹ ਕਰ ਦਿੱਤਾ ਹੈ। ਵਾਹਗਾ ਪੋਸਟ 'ਤੇ ਤਾਇਨਾਤ ਮੈਡੀਕਲ ਅਧਿਕਾਰੀ ਨੇ ਟਮਾਟਰ ਦੇ ਨਮੂਨੇ ਫੇਲ੍ਹ ਕਰਨ ਦੇ ਪਿੱਛੇ ਟਮਾਟਰ ਉੱਪਰ ਡੰਡੀ ਦਾ ਨਾ ਹੋਣਾ ਦੱਸਿਆ ਹੈ।
ਇਨ੍ਹਾਂ ਕਾਰਨਾਂ ਦੇ ਨਾਲ ਹੀ ਪਿਛਲੇ ਦਿਨੀਂ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਅਟਾਰੀ ਤੋਂ ਭੇਜੇ ਗਏ ਭਾਰਤੀ ਟਮਾਟਰਾਂ ਦੇ ਚਾਰ ਟਰੱਕਾਂ ਨੂੰ ਵਾਪਸ ਭੇਜੇ ਜਾਣ ਨਾਲ ਵਪਾਰੀ ਹੀ ਨਹੀਂ ਬਲਕਿ ਇਸ ਵਿਚ ਲੱਗੇ ਕਿਸਾਨਾਂ ਅਤੇ ਟਰਾਂਸਪੋਰਟਰਾਂ ਦੇ ਵੀ ਹੌਸਲੇ ਪਸਤ ਹੋ ਗਏ।
ਵਪਾਰੀ ਇਸ ਨੂੰ ਪਾਕਿਸਤਾਨ ਦੀ ਗਲਤ ਬਰਾਮਦ ਪਾਲਿਸੀ ਦੱਸਦੇ ਹੋਏ ਭਾਰਤ ਸਰਕਾਰ ਨੂੰ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕੇ ਜਾਣ ਦੀ ਅਪੀਲ ਕੀਤੀ ਹੈ।
ਫਲ ਤੇ ਸਬਜ਼ੀ ਵਪਾਰੀ ਮਾਨਵ ਤਨੇਜਾ ਨੇ ਕਿਹਾ ਕਿ ਹਾਲ ਹੀ ਵਿਚ ਵਪਾਰੀਆਂ ਨੇ ਪਾਕਿਸਤਾਨ ਨੂੰ ਨਮੂਨੇ ਵਜੋਂ ਟਮਾਟਰਾਂ ਦੇ ਚਾਰ ਟਰੱਕ ਭੇਜੇ ਸਨ। ਆਈਸੀਪੀ ਅਟਾਰੀ ਤੋਂ ਨਿਕਲ ਕੇ ਵਾਹਗਾ (ਪਾਕਿ) ਸਰਹੱਦ 'ਤੇ ਪਹੁੰਚਣ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ 'ਚ ਮੈਡੀਕਲ ਟੀਮ ਨੇ ਟਮਾਟਰਾਂ ਦੇ ਨਮੂਨੇ ਲਏ।
ਪਾਕਿ ਮੈਡੀਕਲ ਅਧਿਕਾਰੀ ਨੇ 'ਟਮਾਟਰ ਉੱਪਰ ਡੰਡੀ ਨਹੀਂ ਹੈ' ਕਹਿ ਕੇ ਨਮੂਨੇ ਫੇਲ੍ਹ ਕਰ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਨਾਲ ਵਪਾਰ ਸ਼ੁਰੂ ਹੋਣ ਦੀ ਉਮੀਦ ਜਾਗੀ ਸੀ ਪਰ ਨਮੂਨੇ ਫੇਲ੍ਹ ਹੋਣ ਕਾਰਨ ਉਨ੍ਹਾਂ ਨੇ ਨਾਸਿਕ ਤੋਂ ਸਾਰੇ ਆਰਡਰ ਰੱਦ ਕਰਵਾ ਦਿੱਤੇ ਹਨ।
ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਕਹਿੰਦੇ ਹਨ ਕਿ ਭਾਰਤ ਨਾਲ ਖੱਟੇ ਰਿਸ਼ਤਿਆਂ ਤੇ ਚੀਨ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪਾਕਿਸਤਾਨ ਭਾਰਤ ਦੇ ਇੰਡੋ-ਪਾਕਿ ਟਰੇਡ ਸਮਝੌਤੇ ਨੂੰ ਅਣਦੇਖਿਆ ਕਰਦੇ ਹੋਏ ਚੀਨ ਨਾਲ ਵਪਾਰਕ ਰਿਸ਼ਤੇ ਵਧਾ ਰਿਹਾ ਹੈ।