ਪਟਿਆਲਾ: ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਪੰਜਾਬ ਦੀਆਂ ਸੜਕਾਂ 'ਤੇ ਰੌਣਕ ਪਰਤਣ ਲੱਗੀ ਹੈ। ਅੱਜ ਪ੍ਰਾਈਵੇਟ ਤੇ ਪੀਆਰਟੀਸੀ ਦੀਆਂ ਬੱਸਾਂ ਸੜਕਾਂ 'ਤੇ ਦੌੜਣ ਲੱਗੀਆਂ ਹਨ। ਪੀਆਰਟੀਸੀ ਨੇ ਸਮਾਣਾ-ਪਾਤੜਾਂ ਰੂਟ ਨੂੰ ਛੱਡ ਕੇ ਸਭ ਰੂਟਾਂ 'ਤੇ ਬੱਸ ਸੇਵਾ ਬਹਾਲ ਕਰ ਦਿੱਤੀ ਹੈ। ਪੀਆਰਟੀਸੀ ਦੇ ਸੂਤਰਾਂ ਨੇ ਦੱਸਿਆ ਕਿ ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ ਬਠਿੰਡਾ ਤੇ ਹੋਰ ਸ਼ਹਿਰਾਂ ਨੂੰ ਬੱਸਾਂ ਆਮ ਵਾਂਗ ਚਾਲੂ ਹੋ ਗਈਆਂ ਹਨ। ਪੀਆਰਟੀਸੀ ਨੂੰ ਬੱਸਾਂ ਬੰਦ ਰੱਖਣ ਕਰਕੇ ਤਿੰਨ ਕਰੋੜ ਰੁਪਏ ਦਾ ਘਾਟਾ ਪਿਆ ਹੈ। ਪੀਆਰਟੀਸੀ ਵੱਲੋਂ ਘਾਟਾ ਵਸੂਲਣ ਲਈ ਮੁੱਖ ਮੰਤਰੀ ਨੂੰ ਲਿਖਿਆ ਜਾਵੇਗਾ। ਹਾਈਕੋਰਟ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਇਹ ਸਾਰਾ ਘਾਟਾ ਡੇਰੇ ਦੀ ਸੰਪਤੀ ਵੇਚ ਕੇ ਪੂਰਾ ਕੀਤਾ ਜਾਏਗਾ। ਉਧਰ, ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਡੇਰਾ ਸੱਚਾ ਸਮਰੱਥਕਾਂ ਵੱਲੋਂ ਕੀਤੀ ਗਈ ਹਿੰਸਾ ਨਾਲ ਹੋਏ ਨੁਕਸਾਨ ਦੀ ਮੰਗੀ ਗਈ ਰਿਪੋਰਟ ਦੇ ਮੱਦੇਨਜ਼ਰ ਪੰਜਾਬ ਦੇ ਅਫਸਰ ਸਰਗਰਮ ਹੋ ਗਏ ਹਨ। ਡਿਪਟੀ ਕਮਿਸ਼ਨਰਾਂ ਨੇ 30 ਅਗਸਤ ਤੱਕ ਨੁਕਸਾਨ ਲਈ ਆਪਣੇ ਦਾਅਵੇ ਪੇਸ਼ ਕਰਨ ਦੀ ਅਪੀਲ ਕੀਤੀ ਹੈ।