Punjab News : ਵੱਡੀ ਗਿਣਤੀ ਵਿਚ ਇਕੱਠੇ ਹੋਏ ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਪਟਿਆਲੇ ਦੇ ਬੱਸ ਸਟੈਂਡ ਦੇ ਮੁੱਖ ਗੇਟ ਨੂੰ ਦੋ ਘੰਟੇ ਲਈ ਜਾਮ ਕਰਕੇ ਸਰਕਾਰ ਦੇ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਪਿੱਟ ਸਿਆਪਾ ਕੀਤਾ। ਉਥੇ ਹੀ ਬੱਸ ਸਟੈਂਡ ਦਾ ਮੁੱਖ ਗੇਟ ਬੰਦ ਹੋਣ ਕਰਕੇ ਆਉਂਦੇ ਜਾਂਦੇ ਯਾਤਰੀਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਯਾਤਰੀ ਕਾਫੀ ਜੱਦੋ ਜਹਿਦ ਕਰਦੇ ਨਜ਼ਰ ਆਏ ਬੱਸ ਸਟੈਂਡ ਦਾ ਗੇਟ ਜਾਮ ਕਰਨ ਉਪਰੰਤ ਇਹ ਪੀਆਰਟੀਸੀ ਐਕਸ਼ਨ ਕਮੇਟੀ ਦੇ ਵਰਕਰਾਂ ਨੇ ਇਕ ਵਿਸ਼ਾਲ ਰੋਸ ਰੈਲੀ ਵੀ ਬਾਜ਼ਾਰਾਂ ਵਿੱਚ ਕੱਢੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸੀ ਪਰ ਸਰਕਾਰ ਆਉਣ ਤੋਂ ਬਾਅਦ ਅੱਜ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦੀ ਫੂਕ ਨਿਕਲ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਪੀਆਰਟੀਸੀ ਦੇ ਕਰਮਚਾਰੀਆਂ ਦੀ ਤਨਖਾਹ ਨਹੀਂ ਪਾਈ ਉਨ੍ਹਾਂ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰ ਰਹੀ ਹੈ ਪਰ ਇਸ ਦੇ ਉਲਟ ਸਰਕਾਰ ਨੇ ਪੱਕੇ ਭਰਤੀ ਤਾਂ ਕੀ ਕਰਨੀ ਸੀ ਸਗੋਂ ਪਨਬੱਸ ਅਤੇ ਪੀਆਰਟੀਸੀ ਵਿੱਚ ਆਊਟਸੋਰਸ ਤੇ ਭਰਤੀ ਕਰ ਰਹੀ ਹੈ। ਉੱਥੇ ਹੀ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇ ਕੇ ਕਰੋੜਾਂ ਰੁਪਏ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰਵਾਉਣ ਲਈ ਵੀ ਸਰਕਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਬੱਸ ਸਟੈਂਡ ਦੇ ਮੁੱਖ ਗੇਟ ਉੱਤੇ ਪੱਕਾ ਮੋਰਚਾ ਲਾ ਕੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨਗੇ।
ਦੋ ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਹੋਣ 'ਤੇ ਭੜਕੇ ਮੁਲਾਜ਼ਮ
ਦੋ ਮਹੀਨੇ ਦੀਆਂ ਤਨਖਾਹਾਂ ਨਹੀਂ ਜਾਰੀ ਹੋਣ ਤੋਂ ਭੜਕੇ ਪੀਆਰਟੀਸੀ ਮੁਲਾਜ਼ਮਾਂ ਨੇ ਬੱਸ ਸਟੈਂਡ ਦੇ ਦੋਵੇਂ ਮੁੱਖ ਗੇਟਾਂ ਨੂੰ ਬੰਦ ਕਰ ਦਿੱਤਾ। ਭੜਕੇ ਕਾਮਿਆਂ ਵੱਲੋਂ ਜਿੱਥੇ ਕੋਈ ਵੀ ਬੱਸ ਅੰਦਰ ਦਾਖ਼ਲ ਨਹੀਂ ਹੋਣ ਦਿੱਤੀ, ਉੱਥੇ ਹੀ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਕਾਰਨ ਸ਼ਹਿਰ ਦੇ ਵਿੱਚ ਬੱਸਾਂ ਖੜ੍ਹੀਆਂ ਹੋਣ ਕਰਕੇ ਵੱਡੇ-ਵੱਡੇ ਜਾਮ ਲੱਗ ਗਏ ਹਨ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਨਹੀਂ ਹੋ ਜਾਂਦੀਆਂ ਉਹ ਉਦੋਂ ਤੱਕ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।
ਬੀਤੇ ਮਹੀਨੇ ਮਿਲੀ ਸੀ ਅੱਧੀ ਤਨਖ਼ਾਹ
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਮੁਲਾਜ਼ਮਾਂ ਨੂੰ ਅੱਧੀ ਤਨਖਾਹ ਮਿਲੀ ਸੀ। ਮੁਲਾਜ਼ਮਾਂ ਅਨੁਸਾਰ ਅੱਧੀ ਤਨਖ਼ਾਹ 'ਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇਹ ਸਥਿਤੀ ਉਦੋਂ ਹੈ ਜਦੋਂ ਪੰਜਾਬ ਸਰਕਾਰ ਨੇ ਅਜੇ ਵੀ ਪੀਆਰਟੀਸੀ ਨੂੰ ਲਗਪਗ 260 ਕਰੋੜ ਰੁਪਏ ਦੇਣੇ ਹਨ, ਜੋ ਕਿ ਵੱਖ-ਵੱਖ ਤਰ੍ਹਾਂ ਦੀਆਂ ਮੁਫਤ ਅਤੇ ਰਿਆਇਤੀ ਸਫਰ ਸਹੂਲਤਾਂ ਦੇ ਬਦਲੇ ਸਰਕਾਰ ਨੇ ਅਦਾ ਕਰਨੇ ਹਨ, ਜਦਕਿ ਔਰਤਾਂ ਲਈ ਮੁਫਤ ਯਾਤਰਾ ਦੇ ਬਦਲੇ ਲਗਭਗ 160 ਕਰੋੜ ਰੁਪਏ, ਪੀਆਰਟੀਸੀ ਨੇ ਪੰਜਾਬ ਸਰਕਾਰ ਤੋਂ ਲੈਣਾ ਹੈ।